Technology

ਭਾਰਤ ਫਿਰ ਰਚੇਗਾ ਇਤਿਹਾਸ ! ਦੂਜੇ ਮਿਸ਼ਨ ਚੰਦਰਯਾਨ-2 ਦੀ ਉਲਟੀ ਗਿਣਤੀ ਸ਼ੁਰੂ

ਇਸਰੋ ਦੀ ਚੰਦ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਦੇ ਲਾਂਚ ਲਈ 20 ਘੰਟਿਆਂ ਦੀ ਉਲਟੀ ਗਿਣਤੀ ਅੱਜ ਸਵੇਰੇ ਸ਼ੁਰੂ ਹੋ ਗਈ ਹੈ। ਸਫ਼ਲ ਲਾਂਚ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਤੇ ਸਾਰੇ ਉਪਕਰਨਾਂ ਦੀ ਜਾਂਚ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ। ਚੰਦਰਯਾਨ ਦਾ ਲਾਂਚ 15 ਜੁਲਾਈ ਨੂੰ ਸਵੇਰੇ 2:51 ਮਿੰਟ ‘ਤੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕੀਤਾ ਜਾਏਗਾ। ਇਸ ਦੇ 6 ਸਤੰਬਰ ਨੂੰ ਚੰਦ ‘ਤੇ ਪਹੁੰਚਣ ਦੀ ਉਮੀਦ ਹੈ।
ਇਸ ਮਿਸ਼ਨ ਲਈ GSLV-MK3M ਲਾਂਚ ਵਾਹਨ ਦੀ ਵਰਤੋਂ ਕੀਤੀ ਜਾਵੇਗੀ। ਇਸਰੋ ਨੇ ਦੱਸਿਆ ਕਿ ਮਿਸ਼ਨ ਲਈ ਸ਼ੁੱਕਰਵਾਰ ਨੂੰ ਰਿਹਰਸਲ ਪੂਰੀ ਕਰ ਲਈ ਗਈ ਹੈ। ਇਸ ਮਿਸ਼ਨ ਦੇ ਮੁੱਖ ਉਦੇਸ਼ ਚੰਦ ‘ਤੇ ਪਾਣੀ ਦੀ ਮਾਤਰਾ ਦਾ ਅੰਦਾਜ਼ਾ ਲਗਾਉਣਾ, ਉਸ ਦੀ ਜ਼ਮੀਨ, ਉਸ ਵਿੱਚ ਮੌਜੂਦ ਖਣਿਜਾਂ, ਰਸਾਇਣਾਂ ਤੇ ਉਨ੍ਹਾਂ ਦੀ ਵੰਡ ਦਾ ਅਧਿਐਨ ਕਰਨਾ ਤੇ ਚੰਦ ਦੇ ਬਾਹਰੀ ਵਾਤਾਵਰਣ ਦੀ ਤਾਪ-ਭੌਤਿਕੀ ਗੁਣਾਂ ਦਾ ਵਿਸ਼ਲੇਸ਼ਣ ਕਰਨਾ ਹੈ।
ਦੱਸ ਦੇਈਏ ਚੰਦ ‘ਤੇ ਭਾਰਤ ਦੇ ਪਹਿਲੇ ਮਿਸ਼ਨ ਚੰਦਰਯਾਨ-1 ਨੇ ਉੱਥੇ ਪਾਣੀ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਸੀ। ਹੁਣ ਇਸ ਮਿਸ਼ਨ 2 ਵਿੱਚ ਚੰਦਰਯਾਨ ਦੇ ਨਾਲ ਕੁੱਲ 13 ਸਵਦੇਸ਼ੀ ਪੇ-ਲੋਡ ਯਾਨ ਵਿਗਿਆਨਕ ਉਪਕਰਣਾਂ ਨੂੰ ਨਾਲ ਭੇਜਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਕੈਮਰੇ, ਸਪੈਕਟ੍ਰੋਮੀਟਰ, ਰਾਡਾਰ, ਪ੍ਰੋਬ ਤੇ ਸਿਸਮੋਮੀਟਰ ਸ਼ਾਮਲ ਹਨ। ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਇੱਕ ਪੈਸਿਵ ਪੇਲੋਡ ਵੀ ਇਸ ਮਿਸ਼ਨ ਦਾ ਹਿੱਸਾ ਹੈ, ਜਿਸ ਦਾ ਲਕਸ਼ ਧਰਤੀ ਤੇ ਚੰਦਰਮਾ ਵਿਚਕਾਰ ਸਹੀ ਦੂਰੀ ਦਾ ਪਤਾ ਲਾਉਣਾ ਹੈ।

Leave a Reply

Your email address will not be published. Required fields are marked *

Back to top button