District NewsMalout News

ਸੇਫ ਸਕੂਲ ਵਾਹਨ ਪਾਲਿਸੀ ਸਖਤੀ ਨਾਲ ਕੀਤੀ ਜਾਵੇ ਲਾਗੂ- ਡਿਪਟੀ ਕਮਿਸ਼ਨਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਰੀਵਿਊ ਮੀਟਿੰਗ ਦੋਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ (ਆਈ.ਏ.ਐੱਸ) ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਹੁਕਮ ਕੀਤੇ। ਉਨ੍ਹਾਂ ਕਿਹਾ ਕਿ ਹਰ ਸਕੂਲ ਮੈਨੇਜਮੈਂਟ ਆਪਣੇ ਸਕੂਲ ਵਿੱਚ ਆਉਣ ਵਾਲੀਆਂ ਵੈਨਾਂ ਵਿੱਚ ਵਧੀਆ ਕੁਆਲਿਟੀ ਦੇ ਆਈ.ਪੀ ਕੈਮਰੇ ਲਗਵਾਉਣਾ ਯਕੀਨੀ ਬਣਵਾਉਣ ਅਤੇ ਇਹਨਾਂ ਕੈਮਰਿਆਂ ਦੇ ਐਕਸੈੱਸ ਨੂੰ ਟ੍ਰੈਫਿਕ ਪੁਲਿਸ ਨਾਲ ਸਾਂਝਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਸਕੂਲ ਮੈਨੇਜਮੈਂਟ ਹਰ ਸਕੂਲ ਵੈਨ ਵਿੱਚ ਇਕ ਔਰਤ ਅਟੈਂਡੈਂਟ ਦਾ ਹੋਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਕੀਤੇ ਕਿ ਜੋ ਸਕੂਲ ਵੈਨਾਂ, ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਉਹਨਾਂ ’ਤੇ ਨਿਯਮਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਦੌਰਾਨ ਬੱਚਿਆਂ ਨੂੰ ਚੋਣ ਗਤੀ ਵਿਧੀਆਂ ਵਿੱਚ ਸ਼ਾਮਿਲ ਨਾ ਕਰਨ ਸੰਬੰਧੀ

ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਲਾਗੂ ਕਰਵਾਓਣ, ਬਾਲ ਮਜਦੂਰੀ ਅਤੇ ਬਾਲ ਭਿਖਿਆ ਕਰਵਾਓਣ ਵਾਲਿਆ ਨਾਲ ਸਖਤੀ ਨਾਲ ਨਜਿੱਠਣ ਦੇ ਹੁਕਮ ਕੀਤੇ ਗਏ। ਡਿਪਟੀ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਬੱਚਿਆਂ ਦੀ ਸੁਰੱਖਿਆ ਸੰਬੰਧੀ ਕਿਸੇ ਤਰ੍ਹਾਂ ਦੀ ਵੀ ਕੋਈ ਢਿੱਲ ਨਾ ਵਰਤੀ ਜਾਵੇ। ਇਸ ਮੀਟਿੰਗ ਵਿੱਚ ਬਾਲ ਭਲਾਈ ਕਮੇਟੀ ਦੇ ਕੇਸਾਂ ਦਾ ਰੀਵਿਊ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਉਹਨਾਂ ਦੇ ਵਿਭਾਗ ਵੱਲੋਂ ਚੱਲ ਰਹੀ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਦਾ ਵੱਧ ਤੋਂ ਵੱਧ ਬੱਚਿਆਂ ਨੂੰ ਲਾਭ ਦੇਣ ਦੀ ਹਦਾਇਤ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਡਾਕਟਰ ਸ਼ਿਵਾਨੀ ਨਾਗਪਾਲ, ਤਹਿਸੀਲਦਾਰ ਚੋਣਾਂ ਸ਼੍ਰੀ ਹਰਬੰਸ ਸਿੰਘ, ਬਾਲ ਭਲਾਈ ਕਮੇਟੀ ਮੈਂਬਰਜ਼, ਸ਼੍ਰੀ ਮੁਨੀਸ਼ ਵਰਮਾ, ਸ਼੍ਰੀ ਅਮਰਜੀਤ ਸਿੰਘ, ਸ਼੍ਰੀ ਸੰਜੀਵ ਗੁਪਤਾ ਅਤੇ ਵੱਖ-ਵੱਖ ਅਧਿਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਪ੍ਰਧਾਨ ਡਾਕਟਰ ਨਰੇਸ਼ ਪਰੂਥੀ ਵੀ ਹਾਜ਼ਿਰ ਸਨ।

Author: Malout Live

Back to top button