Malout News

ਆਂਗਣਵਾੜੀ ਵੱਲੋਂ ਪਿੰਡ ਆਲਮਵਾਲਾ ਵਿਖੇ ‘ਲੋਹੜੀ ਧੀਆਂ ਦੀ’ ਮਨਾਈ

ਸੋਚ ਸੁਧਾਰ ਕੇ ਹੀ ਲੜਕਾ ਲੜਕੀ ਦੇ ਫਰਕ ਨੂੰ ਖਤਮ ਕੀਤਾ ਜਾ ਸਕਦਾ

ਮਲੋਟ, 20 ਜਨਵਰੀ (ਆਰਤੀ ਕਮਲ):- ਮਲੋਟ ਸਬ ਡਿਵੀਜਨ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਆਲਮਵਾਲਾ ਵਿਖੇ ਸੀ.ਡੀ.ਪੀ.ਓ. ਮੈਡਮ ਗੁਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਹੜੀ ਧੀਆਂ ਦੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਨਵ ਜੰਮੀਆਂ 30 ਬੱਚੀਆਂ ਨੂੰ ਲੋਹੜੀ ਦਾ ਤੋਹਫਾ ਦਿੱਤਾ ਗਿਆ । ਪ੍ਰੋਗਰਾਮ ਮੌਕੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਸੇਖੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਉਹਨਾਂ ਨਾਲ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰ ਸਨ । ਆਂਗਣਵਾੜੀ ਸੁਪਰਵਾਈਜਰ ਰਾਜਵੰਤ ਕੌਰ ਅਤੇ ਪਿੰਡ ਆਲਮਵਾਲਾ ਦੇ ਜੀ.ਓ.ਜੀ ਸੁਰਜੀਤ ਸਿੰਘ ਨੇ ਪੁੱਜੇ ਸਮੁਹ ਪਤਵੰਤਿਆਂ ਦਾ ਸਵਾਗਤ ਕੀਤਾ । ਮੈਡਮ ਰਾਜਵੰਤ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਅੰਦਰ ਲੜਕਿਆਂ ਦੇ ਅਨੁਪਾਤ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ ਜਿਸ ਕਰਕੇ ਸਰਕਾਰ ਵੱਲੋਂ ਲੋਹੜੀ ਧੀਆਂ ਦੀ ਪ੍ਰੋਗਰਾਮ ਤਹਿਤ ਬੱਚੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਪਿੰਡ ਆਲਮਵਾਲਾ ਵਿਖੇ ਇਹ ਅਨੁਪਾਤ 100 ਦੇ ਮੁਕਾਬਲੇ 96 ਹੈ ਜਿਸ ਕਰਕੇ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ । ਉਹਨਾਂ ਦੱਸਿਆ ਕਿ ਪਿੰਡ ਅੰਦਰ 5 ਆਂਗਣਵਾੜੀ ਸੈਂਟਰ ਬਹੁਤ ਵਧੀਆ ਸੇਵਾਵਾਂ ਦੇ ਰਹੇ ਹਨ ਅਤੇ ਇਹ ਪ੍ਰੋਗਰਾਮ ਵੀ ਇਹਨਾਂ ਸੈਂਟਰਾਂ ਵੱਲੋਂ ਸਾਂਝੇ ਤੌਰ ਤੇ ਉਲੀਕਿਆ ਗਿਆ ਹੈ । ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਦੋ ਪ੍ਰਾਇਮਰੀ ਸਕੂਲ ਦੇ ਸਟਾਫ ਨੇ ਵੀ ਸ਼ਿਰਕਤ ਕੀਤੀ ਅਤੇ ਵਿਦਿਆਰਥਣਾ ਨੇ ਬਹੁਤ ਵਧੀਆ ਕਵਿਤਾਵਾਂ ਵੀ ਪੇਸ਼ ਕੀਤੀਆਂ । ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਨੇ ਇਸਤਰੀ ਤੇ ਬਾਲ ਵਿਕਾਸ ਨਾਲ ਪਿੰਡ ਦੀ ਪੰਚਾਇਤ ਵੱਲੋਂ ਸਹਿਯੋਗ ਕਰਕੇ ਉਲੀਕੀ ਇਸ ਲੋਹੜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕਾ ਅਤੇ ਲੜਕੀ ਵਿਚ ਅਜੋਕੇ ਸਮੇਂ ਸਮਾਜਿਕ ਤੌਰ ਤੇ ਕੋਈ ਫਰਕ ਨਹੀ ਹੈ ਪਰ ਸਮਾਜਿਕ ਪ੍ਰਾਣੀਆਂ ਨੂੰ ਆਪਣੀ ਸੋਚ ਵਿਚ ਸੁਧਾਰ ਕਰਨਾ ਪਵੇਗਾ । ਉਹਨਾਂ ਕਿਹਾ ਕਿ ਲੋਹੜੀ ਧੀਆਂ ਦੀ ਮਨਾਉਣੀ ਬਹੁਤ ਸ਼ਲਾਘਾਯੋਗ ਹੈ ਪਰ ਲੜਕਾ ਲੜਕੀ ਦੇ ਫਰਕ ਨੂੰ ਖਤਮ ਕਰਨ ਲਈ ਲੋਹੜੀ ਸਾਰੇ ਨਵਜੰਮੇ ਬੱਚਿਆਂ ਦੀ ਮਨਾਈ ਜਾਵੇ । ਉਹਨਾਂ ਪਿੰਡ ਵਾਸੀਆਂ ਨੂੰ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਘਰਾਂ ਵਿਚ ਲੜਕੇ ਅਤੇ ਲੜਕੀ ਨੂੰ ਖਿਡਾਉਣੇ, ਕਿਤਾਬਾਂ, ਕਪੜੇ ਆਦਿ ਦਿੰਦੇ ਸਮੇਂ ਬਰਾਬਰ ਰੱਖਿਆ ਜਾਵੇ ਅਤੇ ਜਿੰਦਗੀ ਵਿਚ ਪੜਾਈ ਲਿਖਾਈ ਸਮੇਤ ਹਰ ਤਰਾਂ ਨਾਲ ਬਰਾਬਰ ਮੌਕੇ ਦਿੱਤੇ ਜਾਣ ਤਾਂ ਸਮਾਜ ਅੰਦਰ ਭਰੂਣ ਹੱਤਿਆ ਵਰਗੇ ਅਪਰਾਧ ਆਪੇ ਖਤਮ ਹੋ ਜਾਣਗੇ । ਅੰਤ ਵਿਚ ਲੋਹੜੀ ਬਾਲ ਕੇ ਸਮੂਹ ਹਾਜਰੀਨ ਨੂੰ ਮੁੰਗਫਲੀ ਗੱਚਕ ਆਦਿ ਵੰਡੇ ਗਏ ਅਤੇ ਪੁੱਜੇ ਪਤਵੰਤਿਆਂ ਨੂੰ ਸਨਮਾਨ ਚਿਣ ਦਿੱਤੇ ਗਏ। ਇਸ ਮੌਕੇ ਪਿੰਡ ਦੀ ਸਮੁੱਚੀ ਪੰਚਾਇਤ, ਸਾਬਕਾ ਸਰਪੰਚ ਬਲਰਾਜ ਸਿੰਘ, ਹੰਸਪਾਲ ਸਿੰਘ, ਵੈਟਰਨਰੀ ਹਸਪਤਾਲ ਦਾ ਸਟਾਫ, ਜੀ.ਓ.ਜੀ ਸੁਪਰਵਾਈਜਰ ਗੁਰਦੀਪ ਸਿੰਘ, ਜੀ.ਓ.ਜੀ ਗੁਰਸੇਵਕ ਸਿੰਘ, ਕੰਪਿਊਟਰ ਓਪਰੇਟਰ ਨਵਜੋਤ ਸਿੰਘ, ਸੀਨੀਅਰ ਆਂਗਣਵਾੜੀ ਵਰਕਰ ਗੁਰਵਿੰਦਰ ਕੌਰ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਸਮੇਤ ਨੌਜਵਾਨ ਬੱਚੇ ਬੱਚੀਆਂ ਹਾਜਰ ਸਨ ।

Leave a Reply

Your email address will not be published. Required fields are marked *

Back to top button