District News

ਸਾਊਦੀ ਅਰਬ ਦੀ ਜੇਲ ‘ਚ ਪੰਜਾਬੀ ਮੁੰਡਾ, 90 ਲੱਖ ਦੀ ਬਲੱਡ ਮਨੀ ਜਾਂ ਸਿਰ ਹੋਵੇਗਾ ਕਲਮ

ਸ੍ਰੀ ਮੁਕਤਸਰ ਸਾਹਿਬ:-  ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮੱਲ੍ਹਣ ਦਾ ਨੌਜਵਾਨ ਬਲਵਿੰਦਰ ਸਿੰਘ ਸਾਊਦੀ ਅਰਬ ਦੇ ਅਲਹੇਰ ਦੀ ਜੇਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜੇਕਰ ਬਲੱਡ ਮਨੀ ਨਾ ਭਰੀ ਗਈ ਤਾਂ ਪੰਜਾਬੀ ਨੌਜਵਾਨ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਦਰਅਸਲ ਬਲਵਿੰਦਰ ਸਿੰਘ 11 ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ‘ਚ ਸਾਊਦੀ ਅਰਬ ਗਿਆ ਪਰ ਉਸ ਨੇ ਸ਼ਾਇਦ ਕਦੇ ਸੋਚਿਆ ਨਹੀਂ ਹੋਵੇਗਾ ਕਿ ਸੁਨਿਹਰੇ ਭਵਿੱਖ ਦਾ ਸੁਪਨਾ ਉਸ ਨੂੰ ਇਸ ਕਦਰ ਮਹਿੰਗਾ ਪਵੇਗਾ। ਇਕ ਕਤਲ ਕੇਸ ‘ਚ ਕਰੀਬ 7 ਸਾਲਾਂ ਤੋਂ ਅਲਹੇਰ ਦੀ ਜੇਲ ‘ਚ ਬੰਦ ਬਲਵਿੰਦਰ ਨੂੰ ਸਜਾਏ ਮੌਤ ਜਾਂ ਫਿਰ ਬਲੱਡ ਮਨੀ ਜੋ ਕਿ 90 ਲੱਖ ਰੁਪਏ ਦੇ ਕਰੀਬ ਬਣਦੀ ਹੈ, ਮੰਗੀ ਗਈ ਹੈ। ਦੂਜੇ ਪਾਸੇ ਬਲਵਿੰਦਰ ਦੀ ਵਿਧਵਾ ਮਾਂ ਲਈ ਇੰਨੀ ਵੱਡੀ ਰਕਮ ਇਕੱਠੀ ਕਰ ਸਕਣਾ ਸੰਭਵ ਨਹੀਂ ਹੈ।

ਬਲਵਿੰਦਰ ਸਿੰਘ ਦਾ ਪਰਿਵਾਰ ਵੀ ਗਰੀਬੀ ਵਿਚ ਡੁੱਬਾ ਪਿਆ ਹੈ। ਪੁੱਤ ਨੂੰ ਮੁੜ ਮਿਲਣ ਲਈ ਤਰਸ ਰਹੀ ਬਿਮਾਰ ਅਤੇ ਇਕੱਲੀ ਮਾਂ ਦੇ ਪੱਲੇ ਲਾਚਾਰੀ ਤੋਂ ਸਿਵਾਏ ਕੁਝ ਨਹੀਂ ਹੈ। ਬਲਵਿੰਦਰ ਦੇ ਗਮ ‘ਚ ਉਸਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ। ਇਕ ਵੱਡਾ ਭਰਾ ਡਰਾਈਵਰੀ ਕਰਦਾ ਹੈ, ਜਿਸ ਨਾਲ ਘਰ ਦਾ ਤੋਰੀ-ਫੁਲਕਾ ਚੱਲਦਾ ਹੈ। ਬਲਵਿੰਦਰ ਦੀ ਮਾਤਾ ਅਤੇ ਰਿਸ਼ਤੇਦਾਰਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਲਈ ਗੁਹਾਰ ਲਗਾਈ ਹੈ। ਉਧਰ ਬਲਵਿੰਦਰ ਸਿੰਘ ਨੇ ਫੋਨ ‘ਤੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਉਹ ਕਤਲ ਕੇਸ ‘ਚ ਫਸ ਗਿਆ। ਬਲਵਿੰਦਰ ਨੇ ਫੋਨ ‘ਤੇ ਆਪਣੀ ਦਾਸਤਾਂ ਸੁਣਾਉਂਦਿਆਂ ਦੱਸਿਆ ਕਿ ਉਹ ਪੰਜਾਬੀ ਮੁੰਡੇ ਜਿਸ ਵਰਕਸ਼ਾਪ ਵਿਚ ਕੰਮ ਕਰਦੇ ਸਨ, ਉਥੇ ਮਿਸਰ ਦਾ ਇਕ ਵਿਅਕਤੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਇਕ ਦਿਨ ਉਸ ਨਾਲ ਪੰਜਾਬੀ ਮੁੰਡਿਆਂ ਦੀ ਲੜਾਈ ਹੋ ਗਈ ਤਾਂ ਉਸਨੇ ਬਲਵਿੰਦਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਬਲਵਿੰਦਰ ਸਿੰਘ ਅਤੇ ਉਸਦੇ ਸਾਥੀ ਨੇ ਬਚਾਅ ਕਰਦਿਆਂ ਉਸ ਵਿਅਕਤੀ ‘ਤੇ ਸੋਟੀ ਨਾਲ ਵਾਰ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਇਸ ਦੌਰਾਨ ਉਨ੍ਹਾਂ ਕੰਪਨੀ ਮਾਲਕ ਨੂੰ ਬੁਲਾਇਆ ਅਤੇ ਉਕਤ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ। ਬਲਵਿੰਦਰ ਅਤੇ ਉਸਦੇ ਸਾਥੀ ਜਲੰਧਰ ਵਾਸੀ ਜਤਿੰਦਰ ਨੂੰ ਪੁਲਸ ਕੁੱਟਮਾਰ ਦੇ ਦੋਸ਼ ‘ਚ ਜੇਲ ‘ਚ ਲੈ ਗਈ ਅਤੇ ਕੁੱਟਮਾਰ ਦੋਵਾਂ ਨੂੰ ਪੰਜ ਸਾਲ ਜੇਲ ‘ਚ ਰੱਖਿਆ ਗਿਆ। ਪੰਜ ਸਾਲ ਬਾਅਦ ਬਲਵਿੰਦਰ ਨੂੰ ਦੱਸਿਆ ਗਿਆ ਕਿ ਮਿਸਰ ਦੇ ਉਕਤ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਪਰਿਵਾਰ ਨਾਲ ਸਮਝੌਤਾ ਕੀਤਾ ਜਾਵੇ ਨਹੀਂ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਬਲਵਿੰਦਰ ਅਨੁਸਾਰ ਮ੍ਰਿਤਕ ਵਿਅਕਤੀ ਦੇ ਵਾਰਸ ਕਰੀਬ 90 ਲੱਖ ਰੁਪਏ ਬਲੱਡ ਮਨੀ ਦੀ ਮੰਗ ਕਰ ਰਹੇ ਹਨ। ਜੇਕਰ ਉਹ ਉਚ ਅਦਾਲਤ ਵਿਚ ਵੀ ਅਪੀਲ ਕਰਦਾ ਹੈ ਤਾਂ ਵੀ ਵੱਧ ਤੋਂ ਵੱਧ ਦੋ ਮਹੀਨੇ ਦਾ ਸਮਾਂ ਮਿਲੇਗਾ। ਬਲਵਿੰਦਰ ਦਾ ਦੋਸ਼ ਹੈ ਕਿ ਭਾਰਤੀ ਅੰਬੈਸੀ ‘ਚ ਵੀ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ।

Leave a Reply

Your email address will not be published. Required fields are marked *

Back to top button