Punjab

ਪੰਜਾਬ ਯੂਥ ਕਾਂਗਰਸ ਚੋਣਾਂ ‘ਚ ਵਿਧਾਨ ਸਭਾ ਹਲਕਾ ਬੁਢਲਾਡਾ ਲਈ ਸਿਰਫ 12.5% ਹੋਈ ਪੋਲਿੰਗ

ਬੁਢਲਾਡਾ:-   ਇੱਥੇ ਯੂਥ ਕਾਂਗਰਸ ਪੰਜਾਬ ਦੇ ਸੂਬਾ ਪ੍ਰਧਾਨ, ਜਰਨਲ ਸਕੱਤਰ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਰਨਲ ਸਕੱਤਰ ਅਤੇ ਹਲਕਾ ਪ੍ਰਧਾਨ ਚੁਣਨ ਦੀਆਂ ਹੋਈਆਂ ਚੋਣਾਂ ਵਿੱਚ ਕਿਸੇ ਵੀ ਹਲਕੇ ਜਾਂ ਜ਼ਿਲ੍ਹੇ ਦੇ ਮੁੱਖ ਆਗੂ ਵੱਲੋਂ ਪਹੁੰਚ ਕੇ ਵਰਕਰਾਂ ਨੂੰ ਉਤਸ਼ਾਹਿਤ ਨਾ ਕਰਕੇ ਚੋਣ ਅਮਲਾ ਬਿਲਕੁਲ ਮੱਠਾ ਰਿਹਾ। ਜਿਸ ਤੇ ਲੋਕਾਂ ਨੇ ਇਸ ਦਾ ਕਾਰਨ ਪੰਜਾਬ ਸਰਕਾਰ ਦੀ ਮਾੜੀ ਕਾਰਗੁਜਾਰੀ ਦੱਸਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੋਈਆਂ ਚੋਣਾਂ ਵਿੱਚ ਕੁੱਲ 3300 ਯੂਥ ਦੀਆਂ ਵੋਟਾਂ ਵਿੱਚੋਂ ਸਿਰਫ 412 ਵੋਟਾਂ ਹੀ ਆਨਲਾਈਨ ਪੋਲ ਹੋਈਆਂ। ਇਸ ਮੌਕੇ ਏ.ਆਰ.ਓ ਨਰੇਸ਼ ਰਾਣਾ ਅਤੇ ਸ਼ੁਸ਼ਾਂਕ ਮਿਸ਼ਰਾ ਦੀ ਅਗਵਾਈ ਹੇਠ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ। ਇਸ ਮੌਕੇ ਡੀ.ਐੱਸ.ਪੀ ਸੱਤਪਾਲ ਸਿੰਘ, ਮਹਿਲਾ ਵਿੰਗ ਦੀ ਸਬ-ਇੰਸਪੈਕਟਰ ਗੁਰਪ੍ਰੀਤ ਕੌਰ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਛੀਨਾ ਭਾਰੀ ਪੁਲਸ ਸਮੇਤ ਮੌਜੂਦ ਸਨ। ਜਿਕਰਯੋਗ ਹੈ ਕਿ ਇਸ ਚੋਣ ਵਿੱਚ ਪੰਜਾਬ ਦੀ ਚੋਣ ਲੜ ਰਹੇ ਵਰਿੰਦਰ ਸਿੰਘ ਢਿੱਲੋਂ ਅਤੇ ਗੁਰਜੋਤ ਸਿੰਘ ਢੀਂਡਸਾ ਦੋਵਾਂ ਯੂਥ ਆਗੂਆਂ ਨੂੰ ਪੰਜਾਬ ਦੇ ਦਿੱਗਜ ਨੇਤਾਵਾਂ ਦੀ ਥਾਪਣਾ ਹੈ। ਪਰ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਸਮੇਂ ਦੌਰਾਨ ਕੈਪਟਨ ਸਰਕਾਰ ਵੱਲੋਂ ਨੌਜਵਾਨਾਂ ਦੇ ਵਾਅਦੇ ਪੂਰੇ ਨਾ ਕਰਨ ਕਰਕੇ ਇਹ ਚੋਣ ਦੇ ਅਮਲ ਵਿੱਚ ਸਿਰਫ 12.5% ਵੋਟਾਂ ਹੀ ਪਈਆਂ ਜੋ ਕਿ ਸਰਕਾਰ ਲਈ ਸ਼ਰਮ ਦੀ ਗੱਲ ਹੈ।

Leave a Reply

Your email address will not be published. Required fields are marked *

Back to top button