Punjab

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਜੱਚਾ ਬੱਚਾ ਹਸਪਤਾਲ ਦਾ ਰੱਖਿਆ ਨੀਂਹ ਪੱਥਰ

ਗਿੱਦੜਬਾਹਾ:- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਵੱਖ ਵੱਖ ਵਿਭਾਗਾਂ ਵਿਚ ਕੱਚੇ ਕਾਮਿਆਂ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਸੂਬਾ ਸਰਕਾਰ ਸਰਬਤ ਸਿਹਤ ਬੀਮਾ ਯੋਜਨਾ ਦੇ ਘੇਰੇ ਵਿਚ ਲਿਆਉਣ ਤੇ ਵਿਚਾਰ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਇਸ ਨਾਲ ਸਮਾਜ ਦੇ ਇੱਕ ਵੱਡੇ ਵਰਗ ਨੂੰ ਲਾਭ ਹੋਵੇਗਾ ਜਿਸ ਨੂੰ ਇਸ ਤਰਾਂ ਦੀ ਸਿਹਤ ਸੁਰੱਖਿਆ ਦੀ ਜਰੂਰਤ ਸੀ। ਉਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਇਸ ਯੋਜਨਾ ਦਾ ਘੇਰਾ 50 ਲੱਖ ਪਰਿਵਾਰਾਂ ਤੱਕ ਫੈਲ ਜਾਵੇਗਾ। ਸ: ਬਲਬੀਰ ਸਿੰਘ ਸਿੱਧੂ ਅੱਜ ਇੱਥੇ 5.15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜੱਚਾ ਬੱਚਾ ਹਸਪਤਾਲ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਸਨ। ਇਸ ਮੌਕੇ ਉਨਾਂ ਨਾਲ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿੱਦੜਬਾਹਾ ਵੀ ਹਾਜਰ ਸਨ। ਉਨਾਂ ਨੇ ਇਸ ਮੌਕੇ ਐਲਾਣ ਕੀਤਾ ਕਿ ਇਹ ਹਸਪਤਾਲ 1 ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਰੱਖੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਸ: ਬਲਬੀਰ ਸਿੰਘ ਸਿੱਧੂ ਨੇ ਗਿੱਦੜਬਾਹਾ ਦੇ ਹਸਪਤਾਲ ਵਿਚ ਬਲੱਡ ਬੈਂਕ, ਆਕਸੀਜਨ ਪਲਾਂਟ ਸਥਾਪਿਤ ਕਰਨ ਦਾ ਵੀ ਐਲਾਣ ਕੀਤਾ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਹੈ ਕਿ ਰਾਜ ਵਿਚ ਜੱਚਾ ਬੱਚਾ ਦੀ ਮੌਤ ਦਰ ਸਿਫਰ ਦੇ ਪੱਧਰ ਤੱਕ ਘਟਾ ਲਈ ਜਾਵੇ। ਉਨਾਂ ਨੇ ਕਿਹਾ ਕਿ ਇਸੇ ਲਈ ਰਾਜ ਵਿਚ ਮੁਫ਼ਤ ਜੱਚਾ ਬੱਚਾ ਸਿਹਤ ਸਹੁਲਤਾ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਸਿਹਤ ਮੰਤਰੀ ਨੇ ਇਸ ਮੌਕੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਹਤ ਸਹੁਲਤਾਂ ਦੇ ਪ੍ਰਸਾਰ ਤੇ ਵਿਸੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਸਰਬਤ ਸਿਹਤ ਬੀਮਾ ਯੋਜਨਾ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿਚ ਜਰੂਰੀ ਦਵਾਈਆਂ ਦੀ ਮੁਫ਼ਤ ਉਪਲਬੱਧਤਾ ਯਕੀਨੀ ਬਣਾਈ ਗਈ ਹੈ। ਉਨਾਂ ਨੇ ਕਿਹਾ ਕਿ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ ਲੋਕ 67 ਕਰੋੜ ਰੁਪਏ ਦਾ ਇਲਾਜ ਕਰਵਾ ਚੁੱਕੇ ਹਨ। ਕੈਬਨਿਟ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਹੋਰ ਕਿਹਾ ਕਿ ਇਸ ਤੋਂ ਬਿਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਤੀ ਲਈ ਮੁਫ਼ਤ ਬਿਜਲੀ, ਘਰੇਲੂ ਖਪਤਕਾਰਾਂ ਨੂੰ ਬਿਜਲੀ ਬਿੱਲਾਂ ਵਿਚ ਛੋਟ, ਰਾਸ਼ਨ, ਕਿਸਾਨਾਂ ਦੀ ਕਰਜਾ ਮਾਫੀ ਵਰਗੀਆਂ ਸਕੀਮਾਂ ਸਫਲਤਾ ਨਾਲ ਲਾਗੂ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਬੋਲਦਿਆਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕੇ ਵਿਚ ਕੀਤੇ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਹਸਪਤਾਲ ਨੇ ਪਿੱਛਲੇ ਸਾਲ ਰਾਜ ਵਿਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਉਨਾਂ ਨੇ ਕਿਹਾ ਹਲਕੇ ਵਿਚ ਕਾਲਜ, ਤਿੰਨ ਸਟੇਡੀਅਮ, ਜੈਵਵਿਭਿੰਨਤਾ ਪਾਰਕ ਬਣ ਰਹੇ ਹਨ। ਲੰਬੀ ਰੋਡ ਤੇ ਰੇਲਵੇ ਓਵਰ ਬਿ੍ਰਜ ਤੇ ਹਸਪਤਾਲ ਵਿਚ ਟ੍ਰੋਮਾ ਸੈਂਟਰ ਵੀ ਜਲਦ ਬਣੇਗਾ। ਹਲਕੇ ਦੇ ਸਾਰੇ 88 ਸਕੂਲਾਂ ਵਿਚ ਵਿਕਾਸ ਲਈ ਗ੍ਰਾਂਟ ਦਿੱਤੀ ਗਈ ਹੈ। ਸੀਵਰੇਜ ਲਾਈਨ ਲਈ 8 ਕਰੋੜ ਰੁਪਏ ਮੰਜੂਰ ਕਰਵਾਏ ਗਏ ਹਨ। ਜਮੀਨਦੋਜ਼ ਪਾਇਪਾਂ ਪਾਉਣ ਲਈ ਹਲਕੇ ਵਿਚ 18 ਕਰੋੜ ਰੁਪਏ ਸਰਕਾਰ ਨੇ ਖਰਚੇ ਹਨ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਸ: ਹਰਚਰਨ ਸਿੰਘ ਬਰਾੜ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਸ: ਨਰਿੰਦਰ ਸਿੰਘ ਕਾਉਣੀ, ਸਿਵਲ ਸਰਜਨ ਡਾ: ਨਵਦੀਪ ਸਿੰਘ, ਐਸ.ਐਮ.ਓ. ਡਾ: ਪ੍ਰਦੀਪ ਸਚਦੇਵਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਾਕ ਦਿਹਾਤੀ ਪ੍ਰਧਾਨ ਸੁਖਮੰਦਰ ਸਿੰਘ ਸੁਖਣਾ, ਬਲਾਕ ਸ਼ਹਿਰੀ ਪ੍ਰਧਾਨ ਦੀਪਕ ਗਰਗ, ਚੇਅਰਮੈਨ ਬਲਾਕ ਸੰਮਤੀ ਹਰਮੀਤ ਸਿੰਘ ਸੁਖਣਾ, ਜਗਦੀਸ਼ ਕਟਾਰੀਆ, ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

Back to top button