District NewsMalout News

10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ PSEB ਚੁੱਕ ਸਕਦੇ ਅਹਿਮ ਕਦਮ

ਮਲੋਟ:  ਪੰਜਾਬ ਸਕੂਲ ਸਿੱਖਿਆ ਬੋਰਡ (PSEB)10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਲੈ ਕੇ ਹੋਰ ਸਖ਼ਤ ਹੋ ਗਿਆ ਹੈ। ਭਾਵੇਂ ਪ੍ਰੀਖਿਆ ਕੇਂਦਰਾਂ ਦੇ ਬਾਹਰ ਧਾਰਾ-144 ਪਹਿਲਾਂ ਹੀ ਲਾਗੂ ਹੈ ਪਰ ਇਸ ਨੂੰ ਹੋਰ ਵਧਾ ਕੇ ਹਰੇਕ ਪ੍ਰੀਖਿਆ ਕੇਂਦਰ ’ਤੇ ਡਿਊਟੀ ਮੈਜਿਸਟ੍ਰੇਟ ਵੀ ਤਾਇਨਾਤ ਕੀਤੇ ਜਾਣਗੇ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿੱਖਿਆ ਬੋਰਡ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਹਰੇਕ ਪ੍ਰੀਖਿਆ ਕੇਂਦਰ ਲਈ ਡਿਊਟੀ ਮੈਜਿਸਟ੍ਰੇਟ ਤਾਇਨਾਤ ਕਰਨ ਦੀ ਅਪੀਲ ਕੀਤੀ ਹੈ। ਡਿਪਟੀ ਕਮਿਸ਼ਨਰ ਡਿਊਟੀ ਮੈਜਿਸਟ੍ਰੇਟ ਦੀਆਂ ਸ਼ਕਤੀਆਂ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਸੌਂਪ ਸਕਦਾ ਹੈ। ਡਿਊਟੀ ਮੈਜਿਸਟ੍ਰੇਟ ਦੀ ਤਾਇਨਾਤੀ ਕਾਰਨ ਪ੍ਰੀਖਿਆ ਕੇਂਦਰ ’ਚ ਮੁਕੰਮਲ ਸ਼ਾਂਤੀ ਰਹੇਗੀ ਅਤੇ ਜਿੱਥੇ ਭੀੜ ਇਕੱਠੀ ਹੋਣ ਤੋਂ ਰਾਹਤ ਮਿਲੇਗੀ, ਉੱਥੇ ਹੀ ਪ੍ਰੀਖਿਆ ਦੀ ਹਰ ਤਰ੍ਹਾਂ ਦੀ ਮਰਿਆਦਾ ਵੀ ਕਾਇਮ ਰਹੇਗੀ। ਇਹ ਵੀ ਪਤਾ ਲੱਗਾ ਹੈ ਕਿ ਜੇਕਰ ਕਿਸੇ ਪ੍ਰੀਖਿਆ ਕੇਂਦਰ ਦੇ ਬਾਹਰ ਭੀੜ ਇਕੱਠੀ ਹੁੰਦੀ ਹੈ ਜਾਂ ਸੋਸ਼ਲ ਮੀਡੀਆ ’ਤੇ ਇਮਤਿਹਾਨ ਸੰਬੰਧੀ ਝੂਠੀ ਖ਼ਬਰ ਫੈਲਾਈ ਜਾਂਦੀ ਹੈ ਤਾਂ ਉਨ੍ਹਾਂ ਲੋਕਾਂ ਖ਼ਿਲਾਫ਼ ਵੀ ਪਰਚੇ ਦਰਜ ਕੀਤੇ ਜਾਣਗੇ। ਜੇਕਰ ਪ੍ਰੀਖਿਆ ਕੇਂਦਰ ਦੇ ਬਾਹਰ 5 ਜਾਂ ਇਸ ਤੋਂ ਵੱਧ ਲੋਕ ਇਕੱਠੇ ਹੁੰਦੇ ਹਨ ਤਾਂ ਡਿਊਟੀ ਮੈਜਿਸਟ੍ਰੇਟ ਤੁਰੰਤ ਪੁਲਿਸ ਨੂੰ ਸੂਚਿਤ ਕਰ ਸਕਣਗੇ ਅਤੇ ਅਜਿਹੇ ਲੋਕਾਂ ਵਿਰੁੱਧ ਪਰਚਾ ਦਰਜ ਕਰ ਸਕਦੇ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਿਸੇ ਪ੍ਰੀਖਿਆ ਕੇਂਦਰ ਦੇ ਕਮਰੇ ਵਿੱਚ ਵੀ ਨਕਲ ਦਾ ਮਾਮਲਾ ਸਾਹਮਣੇ ਆਇਆ ਤਾਂ ਪਹਿਲਾਂ ਸੰਬੰਧਿਤ ਸੁਪਰਵਾਈਜ਼ਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜੇਕਰ ਇਕ ਤੋਂ ਵੱਧ ਕਮਰਿਆਂ ’ਚ ਨਕਲ ਦੇ ਮਾਮਲੇ ਪਾਏ ਗਏ ਤਾਂ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਹੁਣ ਤਕ ਪ੍ਰਸ਼ਨ ਪੱਤਰ ਖੋਲ੍ਹਣ ਸਮੇਂ ਸਭ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਦੇ ਕੰਟਰੋਲਰ, ਸੁਪਰਡੈਂਟ ਅਤੇ ਦੋ ਨਿਗਰਾਨਾਂ ਦੇ ਦਸਤਖਤ ਹੁੰਦੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪੈਕੇਟ ਪਹਿਲਾਂ ਨਹੀਂ ਖੋਲ੍ਹਿਆ ਗਿਆ ਸੀ ਅਤੇ ਸੀਲ ਕੀਤਾ ਗਿਆ ਹੈ। ਪਰ ਹੁਣ ਸਿੱਖਿਆ ਬੋਰਡ ਨੇ ਅਨੋਖਾ ਨਵਾਂ ਪ੍ਰਬੰਧ ਕੀਤਾ ਹੈ। ਹੁਣ ਇਸ ਪ੍ਰਸ਼ਨ ਪੱਤਰ ਵਾਲੇ ਪੈਕੇਟ ’ਤੇ ਵਿਦਿਆਰਥੀਆਂ ਦੇ ਦਸਤਖਤ ਵੀ ਲਾਜ਼ਮੀ ਹੋਣਗੇ। ਪ੍ਰਸ਼ਨ ਪੱਤਰ ਦੇ ਸੀਲਬੰਦ ਪੈਕਟ ’ਤੇ ਵਿਦਿਆਰਥੀ ਦਸਤਖ਼ਤ ਕਰਨਗੇ।

Author: Malout Live

Back to top button