District NewsMalout News

ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਹਰੇਕ ਮਹੀਨੇ ਦੀ 9 ਤਾਰੀਖ ਨੂੰ ਲਗਾਏ ਜਾਂਦੇ ਹਨ ਵਿਸ਼ੇਸ਼ ਕੈਂਪ- ਸਿਵਲ ਸਰਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਦੀ ਦੇਖ-ਰੇਖ ਵਿੱਚ ਹਰੇਕ ਮਹੀਨੇ ਦੀ 9 ਤਾਰੀਖ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਸਿਵਲ ਹਸਪਤਾਲਾਂ ਅਤੇ ਸੀ.ਐੱਚ.ਸੀ ਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਚੈਕਅੱਪ ਕਰਕੇ ਉਹਨਾਂ ਦਾ ਜਨੇਪਾ ਸੁਰੱਖਿਅਤ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੁਣ ਇਸ ਪ੍ਰੋਗ੍ਰਾਮ ਵਿੱਚ ਵਿਸਥਾਰ ਕਰਕੇ ਕਈ ਨਵੀਆਂ ਗਾਈਡਲਾਈਨਜ਼ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਦਿਨ ਦਾ ਉਦੇਸ਼ ਹਰ ਇੱਕ ਗਰਭਵਤੀ ਔਰਤ ਖਾਸ ਕਰਕੇ ਹਾਈ ਰਿਸਕ ਔਰਤਾਂ ਦਾ ਮਾਹਿਰ ਡਾਕਟਰਾਂ ਵੱਲੋਂ ਚੈੱਕਅੱਪ ਯਕੀਨੀ ਬਨਾਉਣਾ ਹੁੰਦਾ ਹੈ, ਤਾਂ ਜੋ ਜੱਚਾ-ਬੱਚਾ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਕਿਸੇ ਮੁਸ਼ਕਿਲ ਦਾ ਪਤਾ ਲਾ ਕੇ ਉਸਦਾ ਇਲਾਜ ਕੀਤਾ ਜਾ ਸਕੇ। ਇਸ ਦਿਨ ਗਰਭਵਤੀ ਔਰਤਾਂ ਦੀ ਵਿਸ਼ੇਸ ਤੌਰ ਤੇ ਜਾਂਚ ਕੀਤੀ ਜਾਂਦੀ ਹੈ ਅਤੇ ਸੁਰੱਖਿਅਤ ਜਨੇਪਾ ਯਕੀਨੀ ਬਨਾਉਣ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਜਾਂਦੀ ਹੈ।

ਖੂਨ ਦੀ ਕਮੀ ਵਾਲੀਆਂ ਗਰਭਵਤੀ ਔਰਤਾਂ ਨੂੰ ਆਇਰਨ ਦੀਆਂ ਗੋਲੀਆਂ ਦਿੱਤੀਆਂ ਗਈਆਂ ਅਤੇ ਆਇਰਨ ਦੇ ਟੀਕੇ ਲਗਾਏ ਗਏ। ਉਹਨਾਂ ਕਿਹਾ ਗਰਭਵਤੀ ਔਰਤਾਂ ਨੂੰ ਲਾਗ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਇਸ ਲਈ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਏ.ਐੱਨ.ਐਮ ਤੇ ਆਸ਼ਾ ਵਰਕਰਾਂ ਨੂੰ ਖਾਸ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਖੇਤਰ ਦੀਆਂ ਹਾਈ ਰਿਸਕ ਗਰਭਵਤੀਆਂ ਦੀ ਪਹਿਚਾਣ ਕਰਕੇ ਉਹਨਾਂ ਦੇ ਘਰ ਹਰ ਮਹੀਨੇ ਵਿੱਚ ਦੋ ਵਿਜ਼ਿਟਾਂ ਯਕੀਨੀ ਬਨਾਉਣ ਅਤੇ ਇਨ੍ਹਾਂ ਸਪੈਸ਼ਲ ਕੈਂਪਾਂ ਵਿੱਚ ਉਹਨਾਂ ਨੁੰ ਲਿਆ ਕੇ ਮੁਫ਼ਤ ਚੈਕਅੱਪ ਅਤੇ ਇਲਾਜ ਕਰਵਾਉਣ। ਸਿਹਤ ਵਿਭਾਗ ਵੱਲੋਂ ਹਾਈ ਰਿਸਕ ਗਰਭਵਤੀ ਔਰਤਾਂ ਦੇ ਚੈਕਅੱਪ ਲਈ ਆਸ਼ਾ ਨੂੰ ਸਪੈਸ਼ਲ ਮਾਣ ਭੱਤਾ ਵੀ ਦਿੱਤੇ ਜਾ ਰਹੇ ਹਨ ਅਤੇ ਗਰਭਵਤੀ ਔਰਤਾਂ ਨੂੰ ਟਰਾਂਸਪੋਰਟ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਪ੍ਰੇਰਿਤ ਕਰਨ ਲਈ ਸੁਪਰਵਾਈਜ਼ਰੀ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ,ਜੋ ਸਮੇਂ-ਸਮੇਂ ਗਰਭਵਤੀ ਔਰਤਾਂ ਨੂੰ ਸਿਹਤ ਸੰਸਥਾਵਾਂ,ਘਰਾਂ ਵਿੱਚ ਜਾ ਕੇ ਸੁਰੱਖਿਅਤ ਜਣੇਪੇ ਲਈ ਪ੍ਰੇਰਿਤ ਕਰ ਰਹੀਆਂ ਹਨ। ਇਸ ਮੁਹਿੰਮ ਵਿੱਚ ਪ੍ਰਾਈਵੇਟ ਸਿਹਤ ਸੰਸਥਾਵਾਂ,ਸਮਾਜ ਸੇਵੀ ਸੰਸਥਾਵਾਂ ਵੀ ਸਹਿਯੋਗ ਦੇ ਰਹੀਆਂ ਹਨ। ਇਸ ਸਮੇਂ ਡਾ. ਕਿਰਨਦੀਪ ਕੌਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਹਾਜ਼ਿਰ ਸਨ।

Author: Malout Live

Back to top button