District News

ਜ਼ਮੀਨ ਝਗੜੇ ਕਾਰਨ ਕਿਸਾਨ ਨੇ ਨਿਗਲੀ ਜ਼ਹਿਰੀਲੀ ਦਵਾਈ

ਸ੍ਰੀ ਮੁਕਤਸਰ ਸਾਹਿਬ:- ਜ਼ਮੀਨ ਦੇ ਸੌਦੇ ’ਚ ਦੂਜੇ ਧੜੇ ਵਲੋਂ ਰਜਿਸਟਰੀ ਨਾ ਕਰਾਉਣ ’ਤੇ ਪਿੰਡ ਸੋਹਣੇਵਾਲਾ ਅਟਾਰੀ ਦੇ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆਹੈ। ਹਾਲਤ ਗੰਭੀਰ ਹੋਣ ’ਤੇ ਆਲੇ-ਦੁਆਲੇ ਦੇ ਲੋਕਾਂ ਨੇ ਕਿਸਾਨ ਨੂੰ ਮੁਕਤਸਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਦਰਸ਼ਨ ਸਿੰਘ ਪੁੱਤਰ ਨਿਰੰਜਨ ਸਿੰਘ ਨੇ ਪਿੰਡ ਦੇ ਲਖਵਿੰਦਰ ਸਿੰਘ ਨਾਲ ਕਰੀਬ 2 ਸਾਲ ਪਹਿਲਾ 1 ਕਿੱਲਾ ਜ਼ਮੀਨ ਦਾ ਸੌਦਾ ਕੀਤਾ ਸੀ, ਜਿਸ ਦੀ ਪੂਰੀ ਕੀਮਤ ਲਖਵਿੰਦਰ ਨੂੰ ਦੇ ਦਿੱਤੀ ਸੀ। ਉਸ ਸਮੇਂ ਲਖਵਿੰਦਰ ਨੇ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਪਰ ਜ਼ਮੀਨ ਦਾ ਕਬਜ਼ਾ ਕਿਸਾਨ ਨੂੰ ਦੇ ਦਿੱਤਾ ਸੀ। ਲਖਵਿੰਦਰ ਨੇ ਰਜਿਸਟਰੀ ਕਰਾਉਣ ਦਾ ਵਾਅਦਾ ਕਰਦੇ ਹੋਏ ਕਿਸਾਨ ਨੂੰ ਇਕਰਾਰਨਾਮਾ ਲਿਖਾ ਦਿੱਤਾ ਸੀ। ਇਸ ਦੌਰਾਨ ਕਿਸਾਨ ਨੇ ਕਈ ਵਾਰ ਲੱਖਵਿੰਦਰ ਨੂੰ ਰਜਿਸਟਰੀ ਕਰਾਉਣ ਲਈ ਕਿਹਾ ਪਰ ਉਸ ਨੇ ਦੋ ਵਾਰ ਤਾਰੀਕ ਬਦਲਦੇ ਹੋਏ 9 ਦਸੰਬਰ ਨੂੰ ਰਜਿਸਟਰੀ ਕਰਾਉਣ ਦਾ ਵਾਅਦਾ ਕੀਤਾ। ਦਿਨ ਨੇੜੇ ਆਉਣ ’ਤੇ ਉਹ ਫਿਰ ਮੁਕਰ ਗਿਆ ਅਤੇ ਕਿਸਾਨ ਨੇ ਕੋਰਟ ’ਚ ਰਜਿਸਟਰੀ ਕਰਾਉਣ ਲਈ ਆਪਣੀ ਹਾਜ਼ਰੀ ਲਗਾ ਦਿੱਤੀ। ਬੀਤੇ ਦਿਨ ਲਖਵਿੰਦਰ ਨੇ ਕਿਸਾਨ ਦੀ ਜ਼ਮੀਨ ’ਤੇ ਕਬਜ਼ਾ ਕਰਦੇ ਹੋਏ ਫਸਲ ਦੀ ਕਟਾਈ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨ ਦੇ ਪੁੱਤਰ ਅਤੇ ਪਤਨੀ ਨੇ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਉਨ੍ਹਾਂ ਨੂੰ ਬੁਰਾ ਭਲਾ ਆਖਦੇ ਹੋਏ ਉਥੋਂ ਭਜਾ ਦਿੱਤਾ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਇਸੇ ਗੱਲ ਤੋਂ ਦੁੱਖੀ ਹੋ ਕੇ ਕਿਸਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਧਰ ਹਸਪਤਾਲ ਦੇ ਡਾ. ਬਲਵਿੰਦਰ ਸਿੰਘ ਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਹੈ। ਪੀੜਤ ਕਿਸਾਨ ਦੇ ਪੁੱਤਰ ਤੇ ਚਾਚਾ ਮੁਤਾਬਕ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਪੁਲਸ ਪ੍ਰਸਾਸ਼ਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ। ਉਧਰ ਥਾਣਾ ਸਦਰ ਦੇ ਐੱਸ.ਐੱਚ.ਓ. ਮਲਕੀਤ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨ ਦੇ ਬਿਆਨ ਲੈਣ ਲਈ ਏ.ਐੱਸ.ਆਈ. ਗੁਰਮੀਤ ਸਿੰਘ ਨੂੰ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Back to top button