ਪੀ. ਏ. ਯੂ. ਵਲੋਂ ਲਗਾਏ ਗਏ ਕਿਸਾਨ ਮੇਲੇ ‘ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਕਿਸਾਨਾਂ ਨੇ ਕੀਤੀ ਸ਼ਮੂਲੀਅਤ

ਬਠਿੰਡਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਖੇਤਰੀ ਖੋਜ ਕੇਂਦਰ, ਬਠਿੰਡਾ ਵਿਖੇ ਕਿਸਾਨ ਮੇਲਾ ਲਗਾਇਆ ਗਿਆ । ਜਿਸ ਵਿਚ ਪੰਜਾਬ ਦੇ ਮਾਲਵਾ ਖੇਤਰ ਦੇ ਕਿਸਾਨਾਂ ਤੋਂ ਇਲਾਵਾ ਗੁਆਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਵੱਡੀ ਗਿਣਤੀ ‘ਚ ਕਿਸਾਨਾਂ ਨੇ ਸ਼ਿਰਕਤ ਕੀਤੀ ਤੇ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ । ਕਿਸਾਨ ਮੇਲੇ ਦੇ ਉਦਘਾਟਨੀ ਸਮਾਰੋਹ ਵਿਚ ਕੇਂਦਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਆਰ.ਕੇ. ਕੋਹਲੀ ਅਤੇ ਪੀ.ਏ.ਯੂ ਦੇ ਉਪ ਕੁਲਪਤੀ ਪਦਮਸ੍ਰੀ ਅਵਾਰਡੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤਾ। ਮੇਲੇ ਦੌਰਾਨ ਸੰਬੋਧਨ ਕਰਦਿਆਂ ਉਪ ਕੁਲਪਤੀ ਡਾ. ਢਿੱਲੋਂ ਨੇ ਕਿਸਾਨਾਂ ਨੂੰ ਵਾਧੂ ਰਸਾਇਣਾਂ ਦੀ ਵਰਤੋਂ ਤੋਂ ਸਾਵਧਾਨ ਕਰਦਿਆਂ ਆਉਣ ਵਾਲੀ ਫ਼ਸਲ, ਕਣਕ ਵਿਚਲੇ ਨਦੀਨ, ਗੁੱਲੀ ਡੰਡੇ ਤੋਂ ਅਗਾਊਾ ਜਾਗਰੂਕ ਰਹਿਣ ਲਈ ਕਿਹਾ । ਉਨ੍ਹਾਂ ਕਿਸਾਨਾਂ ਨੂੰ ਪਿਛਲੇ ਵਰ੍ਹੇ ਕੀਤੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਵਧਾਈ ਦਿੱਤੀ ਅਤੇ ਇਸ ਵਾਰ ਵੀ ਪਰਾਲੀ ਨੂੰ ਸਹੀ ਤਰੀਕੇ ਨਾਲ ਸੰਭਾਲਣ ਦੀ ਅਪੀਲ ਕਰਦਿਆਂ ਡਾ. ਢਿਲੋਂ ਨੇ ਕਿਹਾ ਕਿ ‘ਵਰਸਿਟੀ ਕਿਸਾਨਾਂ ਨਾਲ ਰਾਬਤਾ ਬਣਾਉਣ ਲਈ ਕਈ ਢੰਗ ਤਰੀਕੇ ਵਰਤਦੀ ਹੈ ਤਾਂ ਜੋ ਕਿਸਾਨ ‘ਵਰਸਿਟੀ ਨਾਲ ਜੁੜੇ ਰਹਿਣ ਅਤੇ ਖੇਤੀ ਸਬੰਧੀ ਸੰਕਟਾਂ ਨੂੰ ਰਲ ਕੇ ਨਜਿੱਠਿਆ ਜਾ ਸਕੇ । ਇਸ ਤੋਂ ਪਹਿਲਾਂ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਕਿਸਾਨਾਂ ਦਾ ਇਨ੍ਹਾਂ ਮੇਲਿਆਂ ‘ਚ ਵੱਡੀ ਤਾਦਾਦ ਵਿਚ ਪਹੁੰਚਣਾ ਸਾਨੂੰ ਹਲਾਸ਼ੇਰੀ ਦਿੰਦਾ ਹੈ ਅਤੇ ਇਹ ਮੇਲੇ ਸਾਡੀ ਖੋਜ ਅਤੇ ਪਸਾਰ ਦੇ ਕਾਰਜ ਨੂੰ ਅੱਗੇ ਤੋਰਨ ਦਾ ਵੱਡਾ ਧਰਾਤਲ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਵਿਚ ਉਹ ਖੋਜਾਂ ਬਾਰੇ ਦੱਸਣ ਹੀ ਨਹੀਂ ਆਉਂਦੇ ਬਲਕਿ ਕਿਸਾਨਾਂ ਦੇ ਤਜਰਬਿਆਂ ਤੋਂ ਸਿੱਖਣ ਵੀ ਆਉਂਦੇ ਹਨ । ਉਨ੍ਹਾਂ ਕਿਹਾ ਕਿ ਕਿਸਾਨ ਅਤੇ ਯੂਨੀਵਰਸਿਟੀ ਵਿਚਕਾਰ ਇਸ ਮਜ਼ਬੂਤ ਰਿਸ਼ਤੇ ਸਦਕਾ ਹੀ ਪਿਛਲੇ ਵਰਿ੍ਹਆਂ ‘ਚ ਚਿੱਟੀ ਮੱਖੀ ਦੀ ਰੋਕਥਾਮ ਅਤੇ ਪਰਾਲੀ ਦੀ ਸਾਂਭ-ਸੰਭਾਲ ਦੇ ਮੁਸ਼ਕਿਲ ਕੰਮ ਨੂੰ ਨਜਿੱਠਿਆ ਜਾ ਸਕਿਆ ਹੈ । ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਖੋਜ ਡਾ. ਪੁਸ਼ਪਿੰਦਰਪਾਲ ਸਿੰਘ ਪੰਨੂ ਨੇ ਮੌਸਮ, ਪਾਣੀ, ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਨੁਕਤੇ ਤੋਂ ਫ਼ਸਲਾਂ, ਸਬਜ਼ੀਆਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਸਿੰਚਾਈ ਦੇ ਢੰਗਾਂ ਦੇ ਨਾਲ-ਨਾਲ ਖੇਤੀ ਮਸ਼ੀਨਰੀ ਬਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ | ਉਨ੍ਹਾਂ ਕਣਕ ਦੀ ਨਵੀਂ ਕਿਸਮ ਪੀ.ਬੀ.ਡਬਲਯੂ 752 ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਇਕ ਹੀ ਕਿਸਮ ਹੇਠ ਸਾਰਾ ਰਕਬਾ ਨਾ ਲਿਆਉਣ । ਮੇਲੇ ਦੌਰਾਨ ਸੀ.ਆਈ.ਸੀ.ਆਰ ਦੇ ਆਲ ਇੰਡੀਆ ਪ੍ਰਾਜੈਕਟ ਦੇ ਕਪਾਹ ਦੇ ਸਾਇੰਟਿਸਟ ਡਾ. ਰਿਸ਼ੀ ਕੁਮਾਰ ਨੇ ਉੱਤਰੀ ਭਾਰਤ ‘ਚ ਚਿੱਟੀ ਮੱਖੀ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ ਅਤੇ ਇਸ ‘ਤੇ ਕਾਬੂ ਰੱਖਣ ਲਈ ਕਿਸਾਨਾਂ ਦੀ ਮਿਹਨਤ ਅਤੇ ਚੰਗੀ ਸੂਝ-ਬੂਝ ਦੀ ਸ਼ਲਾਘਾ ਵੀ ਕੀਤੀ । ਖੇਤਰੀ ਖੋਜ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਮੇਲੇ ਦੌਰਾਨ ਛੋਟੀ ਕਿਸਾਨੀ ਅਤੇ ਸਹਾਇਕ ਧੰਦਿਆਂ ਦੇ ਸੁਮੇਲ ਸਾਡੇ ਸਿਰਕੱਢ ਅਗਾਂਹਵਧੂ ਕਿਸਾਨ’ ਕਿਤਾਬ ਵੀ ਹਜ਼ਾਰਾਂ ਕਿਸਾਨਾਂ ਦੀ ਹਾਜ਼ਰੀ ‘ਚ ਰਿਲੀਜ਼ ਕੀਤੀ ਗਈ। ਇਸ ਮੌਕੇ ਖੇਤੀ ਤਕਨੀਕਾਂ, ਪ੍ਰਦਰਸ਼ਨੀਆਂ ਅਤੇ ਸਾਹਿਤ ਨਾਲ ਸਬੰਧਿਤ ਪ੍ਰਦਰਸ਼ਨੀਆਂ ਅਤੇ ਸਟਾਲਾਂ ਵੀ ਲਗਾਈਆਂ ਗਈਆਂ । ਜਿੱਥੋਂ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸੁਧਰੇ ਬੀਜ, ਖੇਤੀ ਸਾਹਿਤ, ਮਸ਼ੀਨਰੀ ਅਤੇ ਹੋਰ ਲੋੜੀਂਦੀ ਖੇਤੀ ਸਮਗਰੀ ਦੀ ਖ਼ਰੀਦਦਾਰੀ ਕੀਤੀ । ਇਸ ਮੌਕੇ ਖੇਤੀ ਮਸ਼ੀਨਰੀ ਤੋਂ ਇਲਾਵਾ ਮਿਤਸੂਮੀ ਐਗਰੀ ਸਾਇੰਸ, ਵੇਰਕਾ, ਸੈਲਫ਼ ਹੈਲਪ ਗਰੁੱਪਾਂ ਦੀਆਂ ਬੀਬੀਆਂ ਦੇ ਸਟਾਲ, ਖੇਤੀ ਸੰਦ , ਮਸ਼ੀਨਰੀ ਟੂਲ ਕਿੱਟਾ, ਰਾਸ਼ੀ ਸੀਡਜ਼ ਦੇ ਮਿਆਰੀ ਬੀਜਾਂ ਦੇ ਨਰਮੇ ਦੇ ਵੱਖ-ਵੱਖ ਕਿਸਮਾਂ ਦੇ ਫਲ ਲੱਗੇ ਬੂਟੇ, ਪੀ.ਏ.ਯੂ ਦੇ ਫਲ ਅਤੇ ਫੁੱਲਾਂ ਦੇ ਬੂਟਿਆਂ ਦੇ ਸਟਾਲ, ਨਰਮੇ ਕਪਾਹ ਅਤੇ ਝੋਨੇ ਦੇ ਮਿੱਤਰ ਅਤੇ ਦੁਸ਼ਮਣ ਕੀੜਿਆਂ ਨੂੰ ਪ੍ਰਦਰਸ਼ਿਤ ਪ੍ਰਦਰਸ਼ਨੀਆਂ ਵੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ । ਇਸ ਮੌਕੇ ਵਿਜੇ ਕੁਮਾਰ ਅਤੇ ਮਹੇਸ਼ ਕੁਮਾਰ ਨਾਰੰਗ ਨੇ ਤਕਨੀਕੀ ਸੈਸ਼ਨ ਦੌਰਾਨ ਕਿਸਾਨਾਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ ।