Punjab

ਹੁਣ ਸੂਬੇ ਦੇ ਲੋਕਾਂ ਨੂੰ ਇਲਾਜ ਕਰਾਉਣ ਲਈ ਸਰਕਾਰ ਦੇਵੇਗੀ 5 ਲੱਖ ਦੀ ਵਿੱਤੀ ਸਹਾਇਤਾ

ਬਠਿੰਡਾ : ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸੰਯੁਕਤ ਰੂਪ ਨਾਲ ਸ਼ੁਰੂ ਕੀਤੀ ਜਾ ਰਹੀ ‘ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਹੁਣ ਸੂਬਾ ਵਾਸੀਆਂ ਨੂੰ ਨਵੀਂ ਸੌਗਾਤ ਮਿਲਣ ਜਾ ਰਹੀ ਹੈ। ਆਉਣ ਵਾਲੀ 20 ਅਗਸਤ ਨੂੰ ਪੰਜਾਬ ਅੰਦਰ ਇਸ ਯੋਜਨਾ ਨੂੰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਚ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸੂਬੇ ਭਰ ਦੇ ਕਰੀਬ 70 ਫ਼ੀਸਦੀ ਪਰਿਵਾਰਾਂ ਨੂੰ ਇਸ ਯੋਜਨਾ ਨਾਲ ਜੋੜਣ ਦਾ ਟੀਚਾ ਮਿੱਥਿਆ ਜਾ ਚੁੱਕਿਆ ਹੈ। ਯੋਜਨਾ ਦਾ ਮਕਸਦ ਜ਼ਰੂਰਤਮੰਦ ਪਰਿਵਾਰਾਂ ਦੇ ਇਲਾਜ ਲਈ ਮਦਦ ਕਰਨਾ ਹੈ, ਜਿਸ ਲਈ ਅਪਲਾਈ ਕਰਨ ਵਾਲੇ ਹਰ ਵਿਅਕਤੀ ਦਾ ਸਾਲਾਨਾ ਪੰਜ ਲੱਖ ਰੁਪਏ ਦਾ ਬੀਮਾ ਕੀਤਾ ਜਾਵੇਗਾ। ਸੂਬਾ ਸਰਕਾਰ ਵੱਲੋਂ ਚੋਣਵੇਂ ਹਸਪਤਾਲਾਂ ‘ਚ ਹੀ ਇਸ ਯੋਜਨਾ ਦਾ ਫਾਈਦਾ ਮਿਲੇਗਾ, ਜਿਸ ਤਹਿਤ ਬਠਿੰਡਾ ‘ਚ ਵੀ 13 ਸਰਕਾਰੀ ਤੇ 19 ਪ੍ਰਾਈਵੇਟ ਹਸਪਤਾਲਾਂ ਨੂੰ ਇਸ ਯੋਜਨਾ ਲਈ ਅਪਰੂਵਲ ਮਿਲ ਚੁੱਕੀ ਹੈ। ਇਸ ਯੋਜਨਾ ਤਹਿਤ ਸਾਰੇ ਜ਼ਿਲਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ, ਮੁੱਢਲੇ ਸਿਹਤ ਕੇਂਦਰਾਂ ‘ਚ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ, ਜਦੋਂਕਿ 20 ਅਗਸਤ ਨੂੰ ਯੋਜਨਾ ਦੀ ਸ਼ੁਰੂਆਤ ਸਮੇਂ ਇਸ ਦੀ ਰਜਿਸਟ੍ਰੇਸ਼ਨ ਟੀਚਾ ਪੂਰਾ ਕੀਤੇ ਜਾਣ ਦੇ ਦਾਅਵੇ ਜਤਾਏ ਜਾ ਰਹੇ ਹਨ।
20 ਅਗਸਤ ਨੂੰ ਮੁੱਖ ਮੰਤਰੀ ਕਰਨਗੇ ਯੋਜਨਾ ਲਾਂਚ
ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ 20 ਅਗਸਤ ਨੂੰ ਪੰਜਾਬ ਅੰਦਰ ਹੋਣ ਜਾ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਯੋਜਨਾ ਨੂੰ ਲਾਂਚ ਕੀਤਾ ਜਾ ਰਿਹਾ ਹੈ, ਜਿਸ ਤਹਿਤ ਰਜਿਸਟ੍ਰੇਸ਼ਨ ਲਈ ਹਸਪਤਾਲਾਂ ਦੇ ਵਾਂਗ ਸ਼ਹਿਰਾਂ ਅਤੇ ਪਿੰਡਾਂ ਅੰਦਰ ਕਾਮਨ ਸਰਵਿਸ ਸੈਂਟਰਾਂ ‘ਚ ਰਜਿਸਟਰ ਹੋਣ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਸਰਬੱਤ ਸਿਹਤ ਬੀਮਾ ਨਾਂ ਦੀ ਇਹ ਯੋਜਨਾ ਹਰ ਵਰਗ ਲਈ ਮਨਜ਼ੂਰਸ਼ੁਦਾ ਹੋਵੇਗੀ। ਸੂਤਰਾਂ ਮੁਤਾਬਿਕ ਇਸ ਬੀਮਾ ਯੋਜਨਾ ਦਾ ਫਾਈਦਾ ਸਮਾਜਿਕ ਆਰਥਿਕ ਸਰਵੇ ਸਾਲ 2011 ਦੌਰਾਨ ਸ਼ਨਾਖ਼ਤ ਕੀਤੇ ਗਏ ਪਰਿਵਾਰ, ਆਟਾ-ਦਾਲ ਕਾਰਡ ਹੋਲਡਰ, ਕਿਸਾਨ (ਜੇ ਫਾਰਮ ਧਾਰਕ), ਛੋਟੇ ਵਪਾਰੀ ਤੇ ਗਰੀਬ ਵਰਗ ਤੋਂ ਇਲਾਵਾ ਹਰ ਵਰਗ ਦੇ ਲੋਕ ਇਸ ਯੋਜਨਾ ‘ਚ ਰਜਿਸਟ੍ਰੇਸ਼ਨ ਕਰ ਸਕਣਗੇ। ਇਸ ਸਭ ਵਿਚ ਦਿਲਚਸਪ ਗੱਲ ਇਹ ਹੈ ਕਿ ਪਹਿਲਾਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਚੱਲੀ ਸੀ, ਜਿਸ ਵਿਚ ਜ਼ਰੂਰਤਮੰਦਾਂ ਨੂੰ ਇਲਾਜ ਲਈ ਸਿਰਫ਼ 50 ਹਜ਼ਾਰ ਦੀ ਸਰਕਾਰੀ ਮਦਦ ਦਿੱਤੀ ਜਾਂਦੀ ਸੀ, ਜਦੋਂਕਿ ਇਹ ਯੋਜਨਾ ਸਿਰਫ਼ ਆਟਾ-ਦਾਲ ਧਾਰਕਾਂ ਨੂੰ ਹੀ ਮਿਲਦੀ ਸੀ ਪਰ ਇਸ ਯੋਜਨਾ ਵਿਚ ਰਜਿਸਟ੍ਰੇਸ਼ਨ ਕਰ ਚੁੱਕੇ ਉਪਯੋਗਤਾਵਾਂ ਨੂੰ ਚੋਣਵੇਂ ਹਸਪਤਾਲਾਂ ‘ਚ ਇਲਾਜ ਲਈ 5 ਲੱਖ ਤਕ ਦਾ ਖ਼ਰਚ ਸਰਕਾਰ ਆਪਣੇ ਪੱਲਿਓਂ ਕਰੇਗੀ, ਜਦੋਂਕਿ ਵਿਸ਼ੇਸ਼ ਰਾਹਤ ਇਹ ਹੈ ਕਿ ਹਰ ਵਰਗ ਇਸ ਯੋਜਨਾ ਨਾਲ ਜੁੜ ਸਕੇਗਾ।
ਜ਼ਿਲੇ ਦੇ 13 ਸਰਕਾਰੀ ਤੇ 19 ਪ੍ਰਾਈਵੇਟ ਹਸਪਤਾਲਾਂ ਨੂੰ ਮਿਲੀ ਅਪਰੂਵਲ
ਸਿਹਤ ਸੁਧਾਰ ਦੇ ਮਕਸਦ ਤਹਿਤ ਸਰਬੱਤ ਬੀਮਾ ਯੋਜਨਾ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਸੂਬੇ ਭਰ ਅੰਦਰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੀ ਚੋਣ ਕੀਤੀ ਜਾ ਰਹੀ ਹੈ। ਬਠਿੰਡਾ ਜ਼ਿਲੇ ਅੰਦਰ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਹਿੱਤ 13 ਸਰਕਾਰੀ ਅਤੇ 19 ਪ੍ਰਾਈਵੇਟ ਹਸਪਤਾਲਾਂ ਦੀ ਚੋਣ ਸਰਕਾਰ ਵੱਲੋਂ ਕੀਤੀ ਗਈ ਹੈ। ਯੋਜਨਾ ਦੇ ਫੈਸਲੇ ਤੋਂ ਬਾਅਦ ਹਾਲਾਂਕਿ ਬਠਿੰਡਾ ਜ਼ਿਲੇ ਅੰਦਰ 50 ਦੇ ਕਰੀਬ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਸ ਯੋਜਨਾ ਲਈ ਪੇਸ਼ਕਸ਼ ਕੀਤੀ ਗਈ ਸੀ ਪਰ ਹਾਲ ਦੀ ਘੜੀ ਵਿਚ ਸਿਰਫ਼ 19 ਹਸਪਤਾਲਾਂ ਨੂੰ ਅਪਰੂਵਲ ਦਿੱਤੀ ਗਈ ਹੈ। ਇੰਨਾਂ ਹੀ ਨਹੀਂ ਇਸ ਯੋਜਨਾ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਣ ਹਿੱਤ ਇਕੱਲੇ ਬਠਿੰਡਾ ਜ਼ਿਲੇ ਅੰਦਰ ਕੁੱਲ 122 ਕਾਮਨ ਸਰਵਿਸ ਸੈਂਟਰ ਖ਼ੋਲ੍ਹੇ ਗਏ ਹਨ ਪਰ ਜਿਸ ਤਰ੍ਹਾਂ ਸਰਬੱਤ ਸਿਹਤ ਬੀਮਾ ਯੋਜਨਾ ਪ੍ਰਤੀ ਲੋਕਾਂ ਦੀ ਰਜਿਸਟਰੇਸ਼ਨ ‘ਚ ਇਜਾਫ਼ਾ ਹੋਣ ਲੱਗਿਆ ਹੈ, ਭਵਿੱਖ ਵਿਚ ਹਸਪਤਾਲਾਂ ਦੀ ਗਿਣਤੀ ਵੱਧਣ ਦੀਆਂ ਵੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਿਕ ਆਉਣ ਵਾਲੇ ਸਮੇਂ ਦੌਰਾਨ ਪ੍ਰਾਈਵੇਟ ਹਸਪਤਾਲਾਂ ਦੀ ਗਿਣਤੀ 40 ਦੇ ਕਰੀਬ ਹੋਣ ਦੀ ਸੰਭਾਵਨਾ ਹੈ।
ਕਿਵੇਂ ਕੀਤਾ ਜਾਵੇ ਅਪਲਾਈ?
ਯੋਜਨਾ ਦੀ ਰਜਿਸਟ੍ਰੇਸ਼ਨ ਲਈ ਸਾਰੇ ਜ਼ਿਲਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ ਤੇ ਮੁੱਢਲੇ ਸਿਹਤ ਕੇਂਦਰਾਂ ‘ਚ ਕੰਮ ਆਰੰਭ ਕਰ ਦਿੱਤੇ ਗਏ ਹਨ ਤਾਂ ਜੋ ਲੋਕ ਇਲਾਜ ਸਮੇਂ ਖ਼ੁਦ ਦੀ ਜੇਬ ‘ਚੋਂ ਖ਼ਰਚ ਕਰਨ ਦੀ ਬਜਾਏ ਸਰਕਾਰੀ ਸਹਾਇਤਾ ਰਾਸ਼ੀ ਨਾਲ ਆਪਣਾ ਇਲਾਜ ਕਰਵਾ ਸਕਣ। ਯੋਜਨਾ ਦਾ ਲਾਭ ਲੈਣ ਲਈ ਉਪਭੋਗਤਾ ਨੂੰ ਜ਼ਰੂਰੀ ਹੈ ਕਿ ਉਹ ਰਜਿਸਟ੍ਰੇਸ਼ਨ ਸਮੇਂ ਆਪਣੇ ਨਾਲ ਅਧਾਰ ਕਾਰਡ, ਆਟਾ-ਦਾਲ ਕਾਰਡ, ਜੇ ਫਾਰਮ, ਪੈੱਨ ਕਾਰਡ ਆਦਿ ਲੈ ਕੇ ਆਉਣ। ਇਸ ਤੋਂ ਇਲਾਵਾ ਯੋਜਨਾ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਈਦਾ ਦੇਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਵੀ ਕਾਮਨ ਸਰਵਿਸ ਸੈਂਟਰ ਵੀ ਖੋਲ੍ਹੇ ਗਏ ਹਨ, ਜਿੱਥੇ ਜਾ ਕੇ ਲੋਕ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾ ਕੇ ਇਸ ਦਾ ਫਾਈਦਾ ਚੁੱਕ ਸਕਦੇ ਹਨ। ਹਰ ਪਰਿਵਾਰ ਦੇ ਹਰ ਜੀਅ ਦਾ ਵੱਖਰਾ ਬੀਮਾ ਕੀਤਾ ਜਾਵੇਗਾ, ਜਦੋਂਕਿ ਇਕ ਪਰਿਵਾਰ ਲਈ ਪੰਜ ਲੱਖ ਰੁਪਏ ਦੀ ਮਦਦ ਸਰਕਾਰ ਪਾਸੋਂ ਮਿਲੇਗੀ। ਇਸ ਸਾਰੀ ਰਜਿਸਟ੍ਰੇਸ਼ਨ ਲਈ ਮਹਿਜ਼ 30 ਰੁਪਏ ਖ਼ਰਚ ਆਉਣਗੇ। ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮਕਸਦ ਜ਼ਰੂਰਤਮੰਦ ਲੋਕਾਂ ਨੂੰ ਇਲਾਜ ਲਈ ਮਦਦ ਕਰਨਾ ਹੈ।

Leave a Reply

Your email address will not be published. Required fields are marked *

Back to top button