District NewsMalout News

ਐੱਨ.ਐੱਚ.ਐੱਮ ਕਾਮਿਆਂ ਵੱਲੋਂ 19 ਜੂਨ ਨੂੰ ਸੰਗਰੂਰ ਵਿਖੇ ਕੀਤੀ ਜਾਵੇਗੀ ਰੋਸ ਰੈਲੀ

ਮਲੋਟ:- ਸਿਹਤ ਵਿਭਾਗ ਦੇ ਨੈਸ਼ਨਲ ਹੈੱਲਥ ਮਿਸ਼ਨ ਅਧੀਨ 10 ਹਜ਼ਾਰ ਦੇ ਕਰੀਬ ਠੇਕਾ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਐੱਨ.ਐੱਚ.ਐੱਮ ਕਾਮਿਆਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਹਰ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਕਾਮਿਆਂ ਦਾ ਬਹੁਤ ਹੀ ਵੱਡਮੁੱਲਾ ਯੋਗਦਾਨ ਹੈ। ਇੱਥੋਂ ਤੱਕ ਕਿ ਕੋਵਿਡ-19 ਵਰਗੀ ਭਿਆਨਕ ਮਹਾਂਮਾਰੀ ਨਾਲ ਦਿਨ ਰਾਤ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਸ ਮਹਾਂਮਾਰੀ ‘ਤੇ ਵੀ ਜਿੱਤ ਪ੍ਰਾਪਤ ਕੀਤੀ। ਸਰਕਾਰ ਜਿਹੜੀ ਮਰਜ਼ੀ ਹੋਵੇ, ਇਹ ਕਾਮੇ ਹਮੇਸ਼ਾਂ ਆਪਣੀਆਂ ਹੱਕੀ ਜਾਇਜ਼ ਮੰਗਾਂ ਨੂੰ ਮਨਵਾਉਣ ਅਤੇ ਭਖਦੇ ਮਸਲਿਆਂ ਨੂੰ ਲੈ ਕੇ ਹੜਤਾਲਾਂ, ਰੋਸ ਰੈਲੀਆਂ, ਧਰਨੇ ਆਦਿ ਲਗਾਉਂਦੇ ਰਹਿੰਦੇ ਹਨ ਤਾਂ ਜੋ ਇਨ੍ਹਾਂ ਦੀ ਰੈਗੂਲਰ ਦੀ ਮੰਗਾਂ ਦਾ ਹੱਲ ਹੋ ਸਕੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਇਸ ਵਾਰ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਠੇਕਾ ਕਰਮਚਾਰੀਆਂ ਨੂੰ ਬਹੁਤ ਉਮੀਦਾਂ ਹਨ। ਪ੍ਰੰਤੂ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਨਹੀਂ ਕਲੀਅਰ ਕੀਤਾ ਕਿ ਨੈਸ਼ਨਲ ਹੈੱਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨਗੇ ਜਾਂ ਨਹੀਂ ਅਤੇ ਨਾ ਹੀ ਇਸ ਵਿਸ਼ੇ ‘ਤੇ ਉਹ ਯੂਨੀਅਨ ਦੇ ਵਫ਼ਦ ਨਾਲ ਕੋਈ ਗੱਲਬਾਤ ਕਰਨ ਨੂੰ ਤਿਆਰ ਹਨ। ਜਿਸਦੇ ਰੋਸ ਵਜੋਂ ਨੈਸ਼ਨਲ ਹੈੱਲਥ ਮਿਸ਼ਨ ਦੇ ਕਰਮਚਾਰੀ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ 19 ਜੂਨ ਦਿਨ ਐਤਵਾਰ ਨੂੰ ਰੋਸ ਰੈਲੀ ਕਰਨ ਜਾ ਰਹੇ ਹਨ। ਜੇਕਰ ਮੁੱਖ ਮੰਤਰੀ ਇਨ੍ਹਾਂ ਕਰਮਚਾਰੀਆਂ ਨਾਲ ਗੱਲਬਾਤ ਨਹੀਂ ਕਰਦੇ ਅਤੇ ਰੈਗੂਲਰ ਕਰਨ ਦਾ ਵਿਸ਼ਵਾਸ ਨਹੀਂ ਦਿੰਦੇ ਤਾਂ ਇਹ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾ ਸਕਦੇ ਹਨ।

Author : Malout Live

Leave a Reply

Your email address will not be published. Required fields are marked *

Back to top button