District News

ਮਿੱਡ-ਡੇ-ਮੀਲ ਵਰਕਰਾਂ ਵਲੋਂ ਤਿੱਖਾ ਸੰਘਰਸ਼, 19 ਨੂੰ ਬਠਿੰਡਾ ’ਚ ਹੋਵੇਗੀ ਰੈਲੀ

ਸ੍ਰੀ ਮੁਕਤਸਰ ਸਾਹਿਬ:-  ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਕੱਚੇ ਮੁਲਾਜ਼ਮਾਂ ਦੇ ਤੌਰ ’ਤੇ ਇਸ ਵੇਲੇ ਲੱਖਾਂ ਮੁਲਾਜ਼ਮ ਕੰਮ ਕਰ ਰਹੇ ਹਨ। ਸਰਕਾਰੀ ਮੁਲਾਜ਼ਮਾਂ ਦਾ ਦਰਜਾ ਲੈਣ ਲਈ ਉਕਤ ਕੱਚੇ ਮੁਲਾਜ਼ਮ ਆਪੋ-ਆਪਣੀਆਂ ਜਥੇਬੰਦੀਆਂ ਦੀ ਅਗਵਾਈ ਹੇਠ ਸੰਘਰਸ਼ ਦੇ ਰਾਹ ਪਏ ਹੋਏ ਹਨ ਅਤੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਪੁਤਲੇ ਸਾੜ ਰਹੇ ਹਨ। ਅਜਿਹਾ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਦੇ ਕੰਨ ’ਤੇ ਜੂੰਅ ਨਹੀਂ ਸਰਕਦੀ। ਇਸ ਕਰ ਕੇ ਇਹ ਕੱਚੇ ਮੁਲਾਜ਼ਮ ਘੋਰ ਨਿਰਾਸ਼ਾ ਦੇ ਆਲਮ ਵਿਚ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਵੀ ਹੈ ਕਿ ਕੁਝ ਸਰਕਾਰੀ ਵਿਭਾਗਾਂ ਵਿਚ ਸਰਕਾਰ ਕੱਚੇ ਕਾਮਿਆਂ ਦੇ ਤੌਰ ’ਤੇ ਰੱਖੇ ਗਏ ਮੁਲਾਜ਼ਮਾਂ ਨੂੰ ਇਕ ਨਿੱਕਾ ਪੈਸਾ ਵੀ ਨਹੀਂ ਦੇ ਰਹੀ , ਨਾ ਕੋਈ ਤਨਖਾਹ ਅਤੇ ਨਾ ਕੋਈ ਮਾਣ ਭੱਤਾ। ਬਸ ਥੋੜ੍ਹਾ ਜਿਹਾ ਕਮਿਸ਼ਨ ਦੇ ਦਿੱਤਾ ਜਾਂਦਾ ਹੈ। ਇਸ ਅਤਿ ਗੰਭੀਰ ਮਸਲੇ ਨੂੰ ਲੈ ਕੇ ‘ਜਗ ਬਾਣੀ’ ਵਲੋਂ ਇਸ ਹਫਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਮਿੱਡ-ਡੇ-ਮੀਲ ਮੀਲ ਵਰਕਰ ਯੂਨੀਅਨ ਪੰਜਾਬ ਨੇ ਆਪਣੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਸਰਕਾਰ ਕੋਲੋਂ ਮਨਵਾਉਣ ਲਈ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਯੂਨੀਅਨ ਦੀ ਆਗੂ ਰਮਨਜੀਤ ਕੌਰ ਨੇ ਦੱਸਿਆ ਕਿ ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਦੇ ਹਲਕੇ ਬਠਿੰਡਾ ਵਿਖੇ 19 ਜਨਵਰੀ ਨੂੰ ਯੂਨੀਅਨ ਸੂਬਾ ਪੱਧਰੀ ਰੋਸ ਰੈਲੀ ਕਰੇਗੀ। ਮੰਗਾਂ ਨੂੰ ਪੂਰੀਆਂ ਕਰਾਉਣ ਲਈ 19 ਜਨਵਰੀ ਨੂੰ ਬਠਿੰਡਾ ਵਿਖੇ ਹਜ਼ਾਰਾਂ ਦੀ ਗਿਣਤੀ ‘ਚ ਵਰਕਰਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਖਜ਼ਾਨਾ ਮੰਤਰੀ ਨੇ 3 ਸਾਲ ਮਿੱਡ-ਡੇ-ਮੀਲ ਮੀਲ ਵਰਕਰ ਯੂਨੀਅਨ ਨੂੰ ਲਾਰਿਆਂ ‘ਚ ਰੱਖਿਆ ਅਤੇ ਕੋਈ ਮੰਗ ਨਹੀਂ ਮੰਨੀ, ਜਿਸ ਕਰਕੇ ਵਰਕਰਾਂ ‘ਚ ਭਾਰੀ ਰੋਸ ਹੈ। ਇਨ੍ਹਾਂ ਵਰਕਰਾਂ ਨੂੰ 1700 ਰੁਪਏ ਤੋਂ ਵਧਾ ਕੇ 2500 ਰੁਪਏ ਮਹੀਨਾ ਕਰਨ ਵਾਲੀ ਫਾਈਲ ਵਿੱਤ ਮੰਤਰੀ ਦੇ ਕੋਲ ਰੁਲ ਰਹੀ ਹੈ। ਮਿੱਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਅਧੀਨ ਲਿਆ ਕੇ 9231 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣਾ, ਸਾਰੇ ਦਫ਼ਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਦਸ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਸਾਰੇ ਮਿੱਡ-ਡੇ-ਮੀਲ ਵਰਕਰਾਂ ਅਤੇ ਪਾਰਟ ਟਾਈਮ ਵਰਕਰਾਂ ਨੂੰ ਪੱਕਾ ਕਰਨ, ਮਿੱਡ-ਡੇ-ਮੀਲ ਵਰਕਰਾਂ ਨੂੰ 10 ਮਹੀਨੇ ਦੀ ਥਾਂ 12 ਮਹੀਨੇ ਤਨਖਾਹ ਦੇਣ, ਵਰਕਰਾਂ ਨੂੰ ਨਿਯੁਕਤੀ ਪੱਤਰ ਅਤੇ ਈ. ਐੱਸ. ਆਈ. ਦੀ ਸਹੂਲਤ ਦੇਣ, ਉਨ੍ਹਾਂ ਦਾ ਪ੍ਰਾਵੀਡੈਂਟ ਫੰਡ ਕੱਟਣਾ। ਉਨ੍ਹਾਂ ਨੂੰ ਮੈਡੀਕਲ ਛੁੱਟੀ ਅਤੇ ਪ੍ਰਸੂਤਾ ਛੁੱਟੀ ਦੇਣਾ।

Leave a Reply

Your email address will not be published. Required fields are marked *

Back to top button