Punjab

ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਮਾਸਟਰ ਦੀ ਅਨੋਖੀ ਪਹਿਲ, ਖੋਲ੍ਹਿਆ ਦੇਸੀ ਤੇ ਅੰਗਰੇਜ਼ੀ ਦਾ ਠੇਕਾ

ਖੰਨਾ: ਇੱਕ ਪਾਸੇ ਅਜੌਕੀ ਨੌਜਵਾਨ ਪੀੜ੍ਹੀ ਪੰਜਾਬੀ ਮਾਂ ਬੋਲੀ ਤੇ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ ਪਰ ਕੁਝ ਲੋਕ ਨੌਜਵਾਨਾਂ ਨੂੰ ਵਿਰਸੇ ਨਾਲ ਜੋੜੀ ਰੱਖਣ ਲਈ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੇ ਹਨ। ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਤੇ ਸਾਹਿਤ ਨਾਲ ਜੋੜਨ ਲਈ ਨਜ਼ਦੀਕੀ ਪਿੰਡ ਜਰਗੜੀ ਦੇ ਮਾਸਟਰ ਦਰਸ਼ਨਦੀਪ ਸਿੰਘ ਗਿੱਲ ਵੱਲੋਂ ਵਿਲੱਖਣ ਉਪਰਾਲਾ ਕੀਤਾ ਗਿਆ ਹੈ।
ਉਨ੍ਹਾਂ ਆਪਣੀ ਮੋਟਰ ‘ਤੇ ‘ਠੇਕਾ ਕਿਤਾਬ ਦੇਸੀ ਤੇ ਅੰਗਰੇਜੀ, ਨਾਂ ਦੀ ਲਾਇਬਰੇਰੀ ਖੋਲ੍ਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬੀ ਮਾਂ ਬੋਲੀ ਦੇ ਅਲੋਪ ਹੁੰਦੇ ਜਾ ਰਹੇ ਸ਼ਬਦਾਂ ਦਾ ਵੀ ਚਿਤਰਣ ਕੀਤਾ ਹੈ।
ਮਾਸਟਰ ਦਰਸ਼ਨਦੀਪ ਸਿੰਘ ਗਿੱਲ ਦੀ ਇਸ ਲਾਇਬ੍ਰੇਰੀ ‘ਚ ਪੰਜਾਬੀ ਮਾਂ ਬੋਲੀ ਤੇ ਸਾਹਿਤ ਤੋਂ ਇਲਾਵਾ ਸ਼ੇਧ ਭਰਪੂਰ ਸਤਰਾਂ, ਆਲੇ-ਦੁਆਲੇ ਲਮਕਾਏ ਫੁੱਲ-ਬੂਟੇ, ਪੁਰਾਤਨ ਤੇ ਆਧੁਨਿਕ ਵਸਤਾਂ ਖਿੱਚ ਦਾ ਕੇਂਦਰ ਹਨ।
ਇਸ ਫਾਰਮ ਹਾਊਸ ਤੇ ਮੇਨ ਗੇਟ ਲਾ ਕੇ ਬਣਾਏ ਕਮਰੇ ‘ਚ ਲਾਇਬ੍ਰੇਰੀ ਅੰਦਰ ਅਲਮਾਰੀ ‘ਚ ਕਿਤਾਬਾਂ ਦਾ ਭੰਡਾਰ ਹੈ। ਅੰਦਰ ਬੈਠ ਕੇ ਤੇ ਲੇਟ ਕੇ ਪੜ੍ਹਨ ਲਈ ਕੁਰਸੀਆਂ ਤੇ ਦੀਵਾਨ ਬੈੱਡ ਸਮੇਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਅੰਦਰ ਰਸੋਈ ਵੀ ਬਣਾਈ ਗਈ ਹੈ।
ਕਮਰੇ ਅੰਦਰ ਪੁਰਾਤਨ ਤੇ ਆਧੁਨਿਕ ਵਸਤਾਂ ਮੌਜੂਦ ਹਨ। ਅੰਦਰ-ਬਾਹਰ ਲਾਇਬ੍ਰੇਰੀ ਦੀਆਂ ਕੰਧਾਂ ‘ਤੇ ਸੰਦੇਸ਼ ਭਰਪੂਰ ਪੰਕਤੀਆਂ ਹਨ। ਬਾਹਰ ‘ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਜਰਗੜੀ’ ਲਿਖਿਆ ਹੋਇਆ ਹੈ। ਦੂਜੀ ਕੰਧ ‘ਤੇ ਪੰਜਾਬੀ ਦੇ ਅਲੋਪ ਹੁੰਦੇ ਜਾ ਰਹੇ 100 ਦੇ ਲਗਪਗ ਸ਼ਬਦ, ਇੱਕ ਹੋਰ ਕੰਧ ‘ਤੇ ਕੁਦਰਤ ਤੇਰਾ ਕੋਟਿਨ ਕੋਟਿਨ ਧੰਨਵਾਦ ਤੇ ਉਸ ਦੇ ਹੇਠਾਂ ਰੁੱਖ, ਹਵਾ, ਪਾਣੀ, ਧਰਤੀ, ਕਿਤਾਬਾਂ ਤੇ ਕੁਦਰਤ ਨੂੰ ਦਰਸਾਉਂਦੀ ਕਵਿਤਾ ਦੇ ਰੂਪ ‘ਚ ਸਤਰਾਂ ਲਿਖੀਆਂ ਹੋਈਆਂ ਹਨ।
ਕਿਤਾਬਾਂ ਦੇ ਇਸ ਠੇਕੇ ਦੇ ਆਲੇ-ਦੁਆਲੇ ਗਮਲਿਆਂ ‘ਚ ਲਾਏ ਤੇ ਲਮਕਾਏ ਫੁੱਲ ਬੂਟਿਆਂ ਤੋਂ ਇਲਾਵਾ ਨਾਲ ਹੀ ਖੇਤ ‘ਚ ਕਲੋਨ ਨਸਲ ਦੇ ਸੈਂਕੜੇ ਸਫੈਦੇ ਲਾਏ ਗਏ ਹਨ। ਇੱਕ ਸਾਈਡ ਖੂਹ ਤੇ ਟਿੰਡਾਂ ਵੀ ਬਣਾਈਆਂ ਗਈਆਂ ਹਨ। ਇਸ ਦੀ ਛੱਤ ‘ਤੇ ਲੋਹੇ ਦੀ ਪੌੜੀ ਚੜ੍ਹਾ ਕੇ ਉੱਪਰ ਜੰਗਲਾ ਲਾ ਕੇ ਅਰਾਮ ਕਰਨ ਤੇ ਬੈਠਣ ਲਈ ਸੜਕੜੇ ਤੇ ਕਾਨਿਆਂ ਦੀ ਝੋਪੜੀ ਬਣਾ ਕੇ ਬੀਚ ਵੀ ਬਣਾਈ ਗਈ ਹੈ।
ਇਸ ਬੀਚ ਵਿੱਚ ਬਕਾਇਦਾ ਬੀਚ ਚੇਅਰ ਤੇ ਬੈਠਣ ਲਈ ਕਾਨਿਆਂ ਦੀਆਂ ਕੁਰਸੀਆਂ ਤੋਂ ਇਲਾਵਾ ਤਖਤਪੋਸ਼ ਵੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਆਲੇ-ਦੁਆਲੇ ਲਾਲਟੈਣ ਸਮੇਤ ਵੇਲਾਂ ਲਮਕਾਈਆਂ ਹੋਈਆਂ ਹਨ।
ਮਾਸਟਰ ਦਰਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਅਜੌਕੀ ਪੀੜੀ ਨਸ਼ਿਆਂ ‘ਚ ਡੁੱਬਦੀ ਜਾ ਰਹੀ ਹੈ ਤੇ ਨੌਜਵਾਨਾਂ ਨੂੰ ਸ਼ਰਾਬ ਤੇ ਹੋਰ ਨਸ਼ਿਆਂ ਤੋਂ ਦੂਰ ਰੱਖ ਕੇ ਪੰਜਾਬੀ ਮਾਂ ਬੋਲੀ ਤੇ ਕਿਤਾਬਾਂ ਦੇ ਨਸ਼ੇ ਨਾਲ ਜੋੜਨ ਲਈ ਇਸ ਠੇਕੇ ਦਾ ਨਿਰਮਾਣ ਕੀਤਾ ਗਿਆ ਹੈ, ਕਿਉਂਕਿ ਕਿਤਾਬਾਂ ਇੱਕ ਨਸ਼ਾ ਹੈ ਤੇ ਜੇ ਇਹ ਕਿਸੇ ਨੂੰ ਲੱਗ ਜਾਵੇ ਤਾਂ ਇਨਸਾਨ ਜ਼ਿੰਦਗੀ ਦੀ ਖੇਡ ‘ਚ ਕਦੀ ਵੀ ਹਾਰ ਨਹੀਂ ਸਕਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸਾਹਿਤ ਦੀਆਂ 2000 ਕਿਤਾਬਾਂ ਹਨ। ਉਨ੍ਹਾਂ ਦਾ ਮਕਸਦ ਇਲਾਕਾ ਵਾਸੀਆਂ ਤੋਂ ਇਲਾਵਾ ਹੋਰ ਪਾਠਕ ਵੀ ਕਿਤਾਬਾਂ ਨਾਲ ਜੁੜ ਸਕਣ। ਹੁਣ ਪਿੰਡ ਤੇ ਹੋਰ ਵੀ ਪਾਠਕ ਇੱਥੋਂ ਪੜ੍ਹਨ ਲਈ ਕਿਤਾਬਾਂ ਲੈ ਜਾਦੇ ਹਨ। ਇਸ ਸਬੰਧੀ ਰਜਿਸਟਰ ਤੇ ਬਕਾਇਦਾ ਐਂਟਰੀ ਪਾਈ ਜਾਦੀ ਹੈ ਤੇ ਲੋਕ ਕਿਤਾਬਾਂ ਪੜ੍ਹ ਕੇ ਵਾਪਸ ਕਰ ਜਾਂਦੇ ਹਨ।

Leave a Reply

Your email address will not be published. Required fields are marked *

Back to top button