District NewsMalout News

ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਕੀਤੀ ਸਹਿਜ ਪਾਠਾਂ ਦੀ ਲੜੀ ਆਰੰਭ

ਮਲੋਟ:- ਇਲਾਕੇ ਦੀ ਨਾਮਵਾਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਦਿਆਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਦੇ ਲੜੀਵਾਰ ਸਹਿਜ ਪਾਠ ਆਰੰਭ ਕੀਤੇ ਹਨ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੰਚਾਰਜ਼ ਪ੍ਰੋਫੈਸਰ ਹਿਰਦੇਪਾਲ ਸਿੰਘ ਅਤੇ ਪ੍ਰੋਫੈਸਰ ਰਮਨਦੀਪ ਕੌਰ ਨੇ ਦੱਸਿਆ ਕਿ ਇਹਨਾਂ ਸਹਿਜ ਪਾਠਾਂ ਦੀ ਲੜੀ ਦੇ ਆਰੰਭ ਸ਼੍ਰੀ ਸਹਿਜ ਪਾਠ ਸੇਵਾ ਸੰਸਥਾ ਅੰਮ੍ਰਿਤਸਰ ਸਾਹਿਬ ਦੀ ਪ੍ਰੇਰਨਾ ਨਾਲ ਭਾਈ ਸਾਹਿਬ ਧਰਮਿੰਦਰ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਹੋਏ। ਇਹਨਾਂ ਸਹਿਜ ਪਾਠਾਂ ਦੀ ਲੜੀ ਵਿੱਚ ਕਾਲਜ ਦੇ 15 ਵਿਦਿਆਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੋਥੀ ਦੇ ਪਾਠ ਪ੍ਰਾਆਰੰਭ ਕੀਤੇ। ਇਸ ਮੌਕੇ ਭਾਈ ਸਾਹਿਬ ਧਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਗੁਰਮਤਿ ਰਹਿਤ ਮਰਿਆਦਾ ਅਤੇ ਸਹਿਜ ਪਾਠ ਦੇ ਵਿਧੀ ਵਿਧਾਨ ਬਾਰੇ ਬੜੀ ਸਹਿਜਤਾ ਅਤੇ ਬਰੀਕੀ ਨਾਲ ਸਮਝਾਇਆ। ਭਾਈ ਸਾਹਿਬ ਨੇ ਵਿਦਿਆਰਥੀਆਂ ਨੂੰ ਸਹਿਜ ਪਾਠ ਕਰਨ ਸਮੇਂ ਧਿਆਨਯੋਗ ਨੁਕਤੇ ਅਤੇ ਨਿਯਮਾਂ ਤੋਂ ਜਾਣੂੰ ਅਤੇ ਸੁਚੇਤ ਕਰਵਾਉਂਦਿਆਂ ਗੁਰਬਾਣੀ ਸ਼ਬਦ ਉਚਾਰਨ ਅਤੇ ਵਿਆਕਰਨ ਸੰਬੰਧੀ ਵੀ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਸਮਝਾਇਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਭਾਈ ਸਾਹਿਬ ਧਰਮਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਅਜੋਕੇ ਦੌਰ ਦੀ ਅਹਿਮ ਜ਼ਰੂਰਤ ਹਨ। ਸਾਡਾ ਸਮਾਜ, ਅਜੋਕੀ ਪੀੜ੍ਹੀ ਆਪਣੇ ਵਿਰਸੇ, ਸੰਸਕਾਰ, ਸੱਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਅਜਿਹੇ ਅਨਿਸ਼ਚਿਤ ਦੌਰ ਵਿੱਚ ਜਦੋਂ ਹਰ ਮਨੁੱਖ ਅੰਦਰੂਨੀ ਅਤੇ ਬਾਹਰੀ ਤੌਰ ਉਲਝਿਆ ਹੋਇਆ ਹੈ, ਗੁਰਬਾਣੀ ਇੱਕੋ ਇੱਕ ਮਾਰਗ ਦਰਸ਼ਕ ਰਹਿ ਜਾਂਦੀ ਹੈ। ਗੁਰਬਾਣੀ ਅਥਾਹ ਗਿਆਨ ਦਾ ਭੰਡਾਰ ਹੈ। ਪ੍ਰਿੰਸੀਪਲ ਡਾ. ਸੇਖੋਂ ਨੇ ਇਸ ਅਥਾਹ ਗਿਆਨ ਦੇ ਭੰਡਾਰ ਨਾਲ ਵਿਦਿਆਰਥੀਆਂ ਦੀ ਸਾਂਝ ਪਵਾਉਣ ਲਈ ਭਾਈ ਸਾਹਿਬ ਧਰਮਿੰਦਰ ਸਿੰਘ ਦਾ ਕਾਲਜ ਮਨੈਜਮੈਂਟ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਧੰਨਵਾਦ ਕੀਤਾ।

ਕਾਲਜ ਮਨੈਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਖਜ਼ਾਨਚੀ ਦਲਜਿੰਦਰ ਸਿੰਘ ਬਿੱਲਾ ਸੰਧੂ, ਸਕੱਤਰ ਪ੍ਰਿਤਪਾਲ ਸਿੰਘ ਗਿੱਲ ਨੇ ਭਾਈ ਸਾਹਿਬ ਧਰਮਿੰਦਰ ਸਿੰਘ ਦੇ ਇਸ ਉੱਦਮ ਅਤੇ ਪਰ-ਉਪਕਾਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਇੱਕ ਚੰਗੀ ਪਹਿਲ ਹੈ ਜਿਸ ਤੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਦਿੱਤੇ ਜਾਂਦੇ ਮਹੱਤਵ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਦੁਆਰਾ ਸਹਿਜ ਪਾਠ ਦੀ ਲੜੀ ਸ਼ੁਰੂ ਕਰਨ ਨਾਲ ਵਿਦਿਆਰਥੀਆਂ ਵਿੱਚ ਅਧਿਆਤਮਿਕ, ਨੈਤਿਕ ਅਤੇ ਸਮਾਜਿਕ ਗੁਣਾਂ ਦਾ ਵਿਕਾਸ ਹੋਵੇਗਾ ਜੋ ਆਉਣ ਵਾਲੇ ਸਮੇਂ ਵਿੱਚ ਸਮਾਜ ਲਈ ਸਹੀ ਦਿਸ਼ਾ-ਨਿਰਦੇਸ਼ ਕਰਨਗੇ।

Author : Malout Live

Leave a Reply

Your email address will not be published. Required fields are marked *

Back to top button