Mini Stories

ਉੱਮਰੋਂ ਲੰਮੀ ਉਡੀਕ

ਪਿੰਡ ਵਿਚ ਰਹਿੰਦਾ ਜੀਤਾ ਦੋ ਕਿੱਲਿਆਂ ਦਾ ਮਾਲਕ ਸੀ। ਉਹ ਜ਼ਮੀਨ ਘੱਟ ਹੋਣ ਕਾਰਣ ਆਰਥਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਆਪਣੇ ਪੁੱਤਰ ਨੂੰ ਉੱਚੀ ਸਿੱਖਿਆ ਦਵਾਉਣੀ ਉਸਦਾ ਸੁਪਨਾ ਸੀ। ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਪੜ-ਲਿਖ ਕੇ ਵੱਡਾ ਅਫ਼ਸਰ ਬਣੇ। ਕਿਤੇ ਉਹ ਵੀ ਮੇਰੇ ਵਾਂਗ ਅਨਪੜ੍ਹ ਹੀ ਨਾ ਰਹਿ ਜਾਵੇ। ਜੀਤਾ ਅਕਸਰ ਹੀ ਅਜਿਹਾ ਸੋਚਦਾ ਰਹਿੰਦਾ। ਇਸ ਲਈ ਜੀਤਾ ਆਰਥਕ ਤੰਗੀ ਦੇ ਹੁੰਦਿਆਂ ਵੀ ਆਪਣੇ ਪੁੱਤਰ ਬਲਜਿੰਦਰ ਨੂੰ ਪੜਾਈ ਲਈ ਪੈਸੇ ਦੀ ਘਾਟ ਨਹੀਂ ਸੀ ਹੋਣ ਦਿੰਦਾ।
ਜੀਤੇ ਦਾ ਅਸਲ ਨਾਂ ਅਜੀਤ ਸਿੰਘ ਸੀ, ਪਰ ਜਿਵੇਂ ਆਮ ਤੌਰ ਤੇ ਪਿੰਡਾਂ ਵਿਚ ਗ਼ਰੀਬ ਲੋਕਾਂ ਨੂੰ ਛੋਟੇ ਨਾਂਵਾਂ ਨਾਲ ਹੀ ਬੁਲਾਇਆ ਜਾਂਦਾ ਹੈ, ਇਸੇ ਤਰ੍ਹਾਂ ਦੋ ਕਿੱਲਿਆਂ ਦਾ ਮਾਲਕ ਅਜੀਤ ਸਿੰਘ ਪਿੰਡ ਦੇ ਲੋਕਾਂ ਲਈ ਜੀਤਾ ਬਣ ਗਿਆ।ਬਲਜਿੰਦਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਹਰ ਸਾਲ ਪਹਿਲੇ ਦਰਜੇ ਵਿੱਚ ਰਹਿ ਕੇ ਹੀ ਪਾਸ ਹੁੰਦਾ ਸੀ। ਜਿਵੇਂ-ਜਿਵੇਂ ਬਲਜਿੰਦਰ ਵੱਡੀਆਂ ਜਮਾਤਾਂ ਵਿੱਚ ਹੁੰਦਾ ਜਾ ਰਿਹਾ ਸੀ ਜੀਤੇ ਲਈ ਪੈਸੇ ਦਾ ਪ੍ਰਬੰਧ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਇਸ ਦੇ ਬਾਵਜੂਦ ਜੀਤਾ ਆਪਣੀ ਹਿਮੰਤ ਅਤੇ ਮਿਹਨਤ ਨਾਲ ਬਲਜਿੰਦਰ ਨੂੰ ਕਾਲਜ ਭੇਜ ਰਿਹਾ ਸੀ।
ਪਿੰਡ ਵਿੱਚ ਜਦੋਂ ਵੀ ਲੋਕਾਂ ਦਾ ਇਕੱਠ ਹੁੰਦਾ ਤਾਂ ਜੀਤੇ ਦਾ ਪਰਿਵਾਰ ਹੀ ਚਰਚਾ ਦਾ ਵਿਸ਼ਾ ਹੁੰਦਾ।
“ਹੋਰ ਬਈ ਜੀਤਿਆਂ, ਕੀ ਹਾਲ ਏ ਤੇਰੇ ਮੁੰਡੇ ਦਾ।” ਤਾਏ ਹਜਾਰੇ ਨੇ ਸੱਥ ਵਿੱਚ ਬੈਠਿਆਂ, ਜੀਤੇ ਨੂੰ ਪੁੱਛਿਆ।
“ਤਾਇਆ ਠੀਕ ਏ, ਹੁਣ ਤਾਂ ਸੁੱਖ ਨਾਲ ਬੀ.ਏ. ਵਿਚ ਹੋ ਗਿਆ ਏ ਆਪਣਾ ਬੱਲੀ।” ਜੀਤੇ ਨੇ ਮਾਣ ਅਤੇ ਖੁਸ਼ੀ ਭਰੇ ਲਹਿਜੇ ਵਿਚ ਤਾਏ ਨੂੰ ਉੱਤਰ ਦਿੱਤਾ।
“ਵੱਡਾ ਅਫ਼ਸਰ ਲੱਗ ਕੇ ਪਿੰਡ ਦਾ ਨਾਮ ਉੱਚਾ ਕਰ ਦੂ।” ਰੁਲਦੂ ਅਮਲੀ ਨੇ ਕਿਹਾ। “ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਰਿਹਾ ਤਾਂ ਬਲਜਿੰਦਰ ਜ਼ਰੂਰ ਵੱਡਾ ਅਫ਼ਸਰ ਬਣ ਕੇ ਪਿੰਡ ਦਾ ਨਾਮ ਰੌਸ਼ਨ ਕਰੇਗਾ।” ਜੀਤੇ ਨੇ ਖੁਸ਼ੀ ਨਾਲ ਕਿਹਾ।
ਇਸ ਤਰ੍ਹਾਂ ਅਕਸਰ ਹੀ ਪਿੰਡ ਦੇ ਲੋਕ ਇਕੱਠੇ ਬੈਠ ਕੇ ਜੀਤੇ ਦੇ ਪੁੱਤਰ ਬਲਜਿੰਦਰ ਦੀਆਂ ਗੱਲਾਂ ਕਰਦੇ ਰਹਿੰਦੇ। ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਗਿਆ। ਹੁਣ ਬਲਜਿੰਦਰ ਨੇ ਐਮ.ਏ. ਪਾਸ ਕਰ ਲਈ, ਕਾਲਜ ਦੀ ਪੜ੍ਹਾਈ ਖਤਮ ਹੋ ਗਈ। ਬਲਜਿੰਦਰ ਹੁਣ ਨੌਕਰੀ ਦੀ ਭਾਲ ਕਰਨ ਲੱਗਾ।
ਬਿਨਾਂ ਸਿਫ਼ਾਰਿਸ਼ ਅਤੇ ਪੈਸੇ ਦੇ ਬਲਜਿੰਦਰ ਨੂੰ ਹਰ ਥਾਂ ਤੋਂ ਨਮੌਸ਼ੀ ਦਾ ਹੀ ਸਾਹਮਣਾ ਕਰਨਾ ਪੈਂਦਾ, ਪਰ ਉਹ ਹਾਰ ਨਾ ਮੰਨਦਾ। ਉਹ ਨੌਕਰੀਆਂ ਦੇ ਫ਼ਾਰਮ ਭਰਦਾ ਅਤੇ ਸਕੂਲਾਂ-ਕਾਲਜਾਂ ਵਿਚ ਅਰਜੀਆਂ ਦਿੰਦਾ, ਪਰ ਸ਼ਾਇਦ ਨੌਕਰੀ ਉਸ ਦੀ ਕਿਸਮਤ ਵਿਚ ਨਹੀਂ ਸੀ।
ਇਕ ਤੇ ਨੌਕਰੀ ਨਾ ਮਿਲਣਾ ਦੂਜਾ ਆਪਣੇ ਮਾਤਾ-ਪਿਤਾ ਅਤੇ ਪਿੰਡ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਾ ਉਤਰਨਾ। ਇਹਨਾਂ ਕਾਰਣਾਂ ਕਰਕੇ ਬਲਜਿੰਦਰ ਦਾ ਹੌਂਸਲਾ ਜਵਾਬ ਦੇਣ ਲੱਗਾ ਅਤੇ ਉਹ ਚੁਪਚਾਪ ਅਤੇ ਉਦਾਸ ਰਹਿਣ ਲੱਗਾ। ਉਹ ਆਪਣੇ ਮਨ ਦੀ ਗੱਲ ਕਿਸੇ ਨਾਲ ਵੀ ਨਾ ਕਰਦਾ।
ਦੂਜੇ ਪਾਸੇ ਜੀਤੇ ਦੇ ਸੁਪਨੇ ਵੀ ਹੋਲੀ-ਹੋਲੀ ਟੁੱਟਣ ਲੱਗੇ। ਉਸ ਨੂੰ ਆਪਣੀ ਸਾਲਾਂ ਦੀ ਮਿਹਨਤ ਵਿਅਰਥ ਜਾਪਦੀ। ਪਿੰਡ ਦੇ ਲੋਕ ਜਦੋਂ ਬਲਜਿੰਦਰ ਬਾਰੇ ਜੀਤੇ ਕੋਲੋਂ ਪੁੱਛਦੇ ਤਾਂ ਉਹ ਕੋਈ ਜਵਾਬ ਨਾ ਦਿੰਦਾ ਅਤੇ ਚੁਪਚਾਪ ਘਰ ਆ ਜਾਂਦਾ।
“ਬਲਜਿੰਦਰ ਕਿਤੇ ਲੱਗਾ ਨੀਂ।” ਤਾਈ ਨਿਹਾਲੀ ਨੇ ਇਕ ਦਿਨ ਸਵੇਰੇ-ਸਵੇਰੇ ਹੀ ਬਲਜਿੰਦਰ ਦੀ ਮਾਂ ਤੋਂ ਪੁੱਛਿਆ।
“ਸਾਡੀ ਤਾਂ ਕਿਸਮਤ ਹੀ ਮਾੜੀ ਆ ਤਾਈ,……ਮੁੰਡੇ ਨੇ ਤਾਂ ਬੜੀ ਮਿਹਨਤ ਕੀਤੀ,……ਪਰ ਬਿਨਾਂ ਭਾਗਾਂ ਤੋਂ ਨੌਕਰੀਆਂ ਕਿੱਥੇ?” ਬਲਜਿੰਦਰ ਦੀ ਮਾਂ ਨੇ ਦਰਦ ਭਰੀ ਅਵਾਜ ਵਿਚ ਹੋਕਾ ਲੈਂਦਿਆਂ ਤਾਈ ਨੂੰ ਜਵਾਬ ਦਿੱਤਾ।
“ਕੋਈ ਗੱਲ ਨੀਂ ਧੀਏ, ਦਿਲ ਹੋਲਾ ਨਾ ਕਰ, ਰੱਬ ਆਪਣੇ ਬਲਜਿੰਦਰ ਦੀ ਵੀ ਜ਼ਰੂਰ ਸੁਣੇਗਾ” ਤਾਈ ਨਿਹਾਲੀ ਨੇ ਬਲਜਿੰਦਰ ਦੀ ਮਾਂ ਨੂੰ ਦਿਲਾਸਾ ਦਿੰਦਿਆਂ ਕਿਹਾ।
ਸ਼ਾਮ ਨੂੰ ਜਦੋਂ ਬਲਜਿੰਦਰ ਸ਼ਹਿਰ ਤੋਂ ਵਾਪਸ ਆਇਆ ਤਾਂ ਉਸ ਦੀ ਮਾਂ ਨੇ ਪੁੱਛਿਆ, “ਪੁੱਤਰ, ਕੋਈ ਗੱਲ ਬਣੀ।” ਬਲਜਿੰਦਰ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। 
ਮਾਂ ਨੇ ਬਲਜਿੰਦਰ ਨੂੰ ਹੌਂਸਲਾ ਦਿੰਦਿਆਂ ਕਿਹਾ, “ਕੋਈ ਗੱਲ ਨਹੀਂ ਪੁੱਤਰ, ਤੂੰ ਦਿਲ ਹੋਲਾ ਨਾ ਕਰ, ਰੱਬ ਆਪੇ ਮਿਹਰ ਕਰੂ।”
ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਸੀ, ਬਲਜਿੰਦਰ ਨਮੌਸ਼ੀ ਭਰੀ ਦਲਦਲ ਦੀ ਡੂੰਗੀ ਖੱਡ ਵਿਚ ਡਿੱਗਦਾ ਜਾ ਰਿਹਾ ਸੀ। ਉੱਧਰ ਜੀਤਾ ਵੀ ਹੁਣ ਪਿੰਡ ਵਿਚ ਘੱਟ ਹੀ ਲੋਕਾਂ ਨਾਲ ਗੱਲਬਾਤ ਕਰਦਾ। ਜਿੱਥੇ ਲੋਕਾਂ ਦਾ ਇਕੱਠ ਹੁੰਦਾ ਜੀਤਾ ਉੱਥੇ ਨਾ ਬੈਠਦਾ ਅਤੇ ਚੁਪਚਾਪ ਘਰ ਆ ਜਾਂਦਾ।
ਸ਼ਹਿਰ ਆਪਣੇ ਦੋਸਤ ਦੀ ਦੁਕਾਨ ਤੇ ਬੈਠਿਆਂ ਇਕ ਦਿਨ ਬਲਜਿੰਦਰ ਦੀ ਨਜ਼ਰ ਅਖ਼ਬਾਰ ਤੇ ਪਈ, ਜਿਸ ਵਿਚ ਲਿਖਿਆ ਸੀ, “ਕਨੇਡਾ, ਅਮਰੀਕਾ ਵਿਚ ਜਾ ਕੇ ਲੱਖਾਂ ਰੁਪਏ ਕਮਾਓ।” ਬਲਜਿੰਦਰ ਦੀ ਨਮੌਸ਼ੀ ਜਿਵੇਂ ਇਸ ਲਾਈਨ ਨੂੰ ਪੜਦਿਆਂ ਇਕ ਵਾਰ ਰਫੂਚੱਕਰ ਹੋ ਗਈ। ਬਲਜਿੰਦਰ ਨੇ ਮਨ ਹੀ ਮਨ ‘ਬਾਹਰ’ ਜਾਣ ਲਈ ਸੋਚਿਆ। ਜਿਵੇਂ-ਜਿਵੇਂ ਉਹ ਇਸ ਬਾਰੇ ਸੋਚ ਰਿਹਾ ਸੀ ਉਸ ਅੰਦਰ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਠਾਠਾਂ ਮਾਰ ਰਹੀ ਸੀ। ਉਸ ਨੇ ਨਾਲ ਬੈਠੇ ਆਪਣੇ ਦੋਸਤ ਬੀਰੇ ਨੂੰ ਪੁੱਛਿਆ, “ਕਿਉਂ ਬਈ, ਤੇਰਾ ਕੀ ਖਿਆਲ ਏ ਬਾਹਰ ਜਾਣ ਬਾਰੇ।”
ਬੀਰੇ ਨੇ ਕਿਹਾ, “ਮੈਂ ਵੀ ‘ਬਾਹਰ’ ਜਾਣਾ ਚਾਹੁੰਦਾ ਹਾਂ।” ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਬੀਰਾ ਫਿਰ ਬੋਲਿਆ, “ਕਿਉਂ ਨਾ ਆਪਾਂ ਦੋਵੇਂ ਇਕੱਠੇ ਬਾਹਰ ਜਾਈਏ, ਆਪਾਂ ਇਕੱਠ ਹੀ ਆਪਣੇ ਮਾਪਿਆਂ ਨਾਲ ਗੱਲਬਾਤ ਕਰਦੇ ਹਾਂ।” ਬਲਜਿੰਦਰ ਨੇ ਹਾਂ ਵਿਚ ਸਿਰ ਹਿਲਾ ਦਿੱਤਾ।
ਅੱਜ ਜਦੋਂ ਬਲਜਿੰਦਰ ਸ਼ਹਿਰੋਂ ਵਾਪਸ ਆਪਣੇ ਪਿੰਡ ਆਇਆ ਤਾਂ ਉਹ ਖੁਸ਼ ਨਜ਼ਰ ਆ ਰਿਹਾ ਸੀ। 
ਮਾਂ ਨੇ ਆਪਣੇ ਪੁੱਤਰ ਦਾ ਖਿੜਿਆ ਚਿਹਰਾ ਦੇਖਦਿਆਂ ਹੀ ਪੁੱਛਿਆ, “ਬੱਲੀ ਪੁੱਤਰ, ਕੀ ਗੱਲ ਅੱਜ ਬੜਾ ਖੁਸ਼ ਲਗਦੈਂ,……ਕੀ ਕੋਈ ਨੌਕਰੀ ਮਿਲ ਗਈ ਏ ਤੈਨੂੰ?”
ਬਲਜਿੰਦਰ ਨੇ ਕਿਹਾ, “ਮਾਂ, ਨੌਕਰੀ ਤਾਂ ਨਹੀਂ ਮਿਲੀ ਪਰ ਮੈਂ ਤੇ ਸ਼ਹਿਰ ਵਾਲੇ ਮੇਰੇ ਦੋਸਤ ਬੀਰੇ ਨੇ ਕਨੇਡਾ ਜਾਣ ਦੀ ਸਕੀਮ ਬਣਾਈ ਏ, ਕੱਲ ਅਸੀਂ ਏਜੇਂਟ ਨਾਲ ਗੱਲ ਕਰਨ ਜਲਧੰਰ ਜਾਣਾ ਏ।”
ਇਹ ਗੱਲ ਸੁਣ ਕੇ ਮਾਂ ਦੇ ਦਿਲ ਵਿਚ ਅਜੀਬ ਜਿਹਾ ਡਰ ਬੈਠ ਗਿਆ, ਪਰ ਉਸ ਨੇ ਬਲਜਿੰਦਰ ਨੂੰ ਇਸ ਬਾਰੇ ਕੁੱਝ ਨਾ ਕਿਹਾ। ਰਾਤ ਨੂੰ ਇਸ ਬਾਰੇ ਬਲਜਿੰਦਰ ਦੀ ਮਾਂ ਨੇ ਜੀਤੇ ਨੂੰ ਇਸ ਬਾਰੇ ਦੱਸਿਆ ਤਾਂ ਜੀਤਾ ਵੀ ਚਿੰਤਾ ਵਿਚ ਘਿਰ ਗਿਆ। ਪਰ ਦੋਹਾਂ ਜੀਆਂ ਨੇ ਆਪਣੇ ਪੁੱਤਰ ਨੂੰ ਕੁੱਝ ਨਾ ਕਿਹਾ।
ਅਗਲੇ ਦਿਨ ਬੀਰਾ ਤੇ ਬਲਜਿੰਦਰ ਪਿੰਡੋਂ ਪਹਿਲੀ ਬੱਸ ਤੇ ਹੀ ਜਲੰਧਰ ਚੱਲ ਪਏ। ਉਹ ਪੂਰੇ ਰਸਤੇ ਬਾਹਰ ਜਾ ਕੇ ਲੱਖਾਂ ਰੁਪਏ ਕਮਾਉਣ ਦੀ ਗੱਲਾਂ ਕਰਦੇ ਗਏ। ਜਲੰਧਰ ਪਹੁੰਚ ਕੇ ਉਹਨਾਂ ਏਜੇਂਟ  ਨਾਲ ਕਨੇਡਾ ਜਾਣ ਬਾਰੇ ਗੱਲਬਾਤ ਕੀਤੀ। ਏਜੇਂਟ  ਨੇ ਉਹਨਾਂ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਕਾਫ਼ੀ ਮੁੰਡਿਆਂ ਨੂੰ ਬਾਹਰ ਭੇਜ ਚੁਕਾ ਹੈ। ਇਸ ਲਈ ਉਹ ਅਸਾਨੀ ਨਾਲ ਤੁਹਾਨੂੰ ਕਨੇਡਾ ਪਹੁੰਚਾ ਦੇਵੇਗਾ, ਪਰ ਇਸ ਲਈ 15 ਲੱਖ ਰੁਪਏ ਦਾ ਖਰਚਾ ਆਵੇਗਾ। 15 ਲੱਖ ਦੀ ਗੱਲ ਸੁਣ ਕੇ ਬਲਜਿੰਦਰ ਉਦਾਸ ਹੋ ਗਿਆ ਕਿਉਂਕਿ ਉਹਨਾਂ ਕੋਲ ਤਾਂ ਕੇਵਲ ਦੋ ਕਿੱਲੇ ਹੀ ਜ਼ਮੀਨ ਹੈ। ਉਸ ਦਾ ਬਾਪੂ ਇੰਨੇ ਪੈਸੇ ਦਾ ਇੰਤਜਾਮ ਨਹੀਂ ਕਰ ਸਕਦਾ। ਪਰ ਬੀਰੇ ਨੇ ਉਸ ਨੂੰ ਹੌਂਸਲਾ ਦਿੰਦਿਆਂ ਕਿਹਾ, “ਬੱਲੀ ਯਾਰ, ਤੂੰ ਚਿੰਤਾ ਨਾ ਕਰ ਆਪਾਂ ਇਸ ਮਸਲੇ ਦਾ ਹੱਲ ਵੀ ਲੱਭ ਲਵਾਂਗੇ।”
ਰਾਤ ਨੂੰ ਘਰ ਆ ਕੇ ਬਲਜਿੰਦਰ ਨੇ ਏਜੇਂਟ  ਨਾਲ ਹੋਈ ਸਾਰੀ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸੀ। ਪੂਰੇ ਪਰਿਵਾਰ ਨੂੰ 15 ਲੱਖ ਰੁਪਏ ਦਾ ਫ਼ਿਕਰ ਪੈ ਗਿਆ। ਜੀਤਾ ਆਪਣੇ ਪੁੱਤਰ ਦੀ ਗੱਲ ਸੁਣ ਕੇ ਖੇਤਾਂ ਵੱਲ ਚਲਾ ਗਿਆ ਅਤੇ ਪਤਾ ਨਹੀਂ ਰਾਤ ਨੂੰ ਕਦੋਂ ਵਾਪਸ ਆ ਕੇ ਸੁੱਤਾ।
ਅਗਲੇ ਦਿਨ ਬਲਜਿੰਦਰ ਨੇ ਏਜੇਂਟ  ਨਾਲ ਗੱਲ ਕਰਕੇ ਆਪਣਾ ਪਾਸਪੋਰਟ ਬਣਵਾਉਣਾ ਦੇ ਦਿੱਤਾ। ਏਜੇਂਟ  ਨੇ ਆਪਣੀ ਜਾਣ-ਪਛਾਣ ਨਾਲ ਬਲਜਿੰਦਰ ਅਤੇ ਬੀਰੇ ਦੇ ਪਾਸਪੋਰਟ ਛੇਤੀ ਹੀ ਬਣਵਾ ਦਿੱਤੇ। ਜਿਸ ਦਿਨ ਬਲਜਿੰਦਰ ਦਾ ਪਾਸਪੋਰਟ ਬਣ ਕੇ ਘਰ ਆਇਆ ਉਸ ਦਿਨ ਹੀ ਬਲਜਿੰਦਰ ਨੇ ਵਿਹੜੇ ਵਿਚ ਮੰਜੀ ਤੇ ਬੈਠੇ ਆਪਣੇ ਬਾਪੂ ਕੋਲ ਜਾ ਕੇ ਕਿਹਾ, “ਬਾਪੂ ਜੀ, ਤੁਸੀਂ ਮੈਨੂੰ ਬਾਹਰ ਭੇਜ ਦਿਓ।” ਜੀਤੇ ਨੇ ਜਵਾਬ ਦਿੱਤਾ, “ਪੁੱਤਰ ਆਪਣੇ ਕੋਲ 15 ਲੱਖ ਰੁਪਏ ਤਾਂ ਨਹੀਂ ਹੈਗੇ, ਅਸੀਂ ਕਿਵੇਂ ਬੰਦੋਬਸਤ ਕਰੀਏ ਇੰਨੇ ਪੈਸਿਆਂ ਦਾ?”
“ਤੁਸੀਂ ਮੈਂਨੂੰ ਬਾਹਰ ਭੇਜਣ ਲਈ ਆਪਣੀ ਜ਼ਮੀਨ ਕਿਉਂ ਨਹੀਂ ਵੇਚ ਦਿੰਦੇ?”
“ਪਰ………?”
ਜੀਤੇ ਦੇ ਬੋਲਣ ਤੋਂ ਪਹਿਲਾਂ ਹੀ ਬਲਜਿੰਦਰ ਬੋਲ ਪਿਆ, “ ਬਾਪੂ ਜੀ ਮੈਂ ਬਾਹਰ ਜਾ ਕੇ ਚੰਗੀ ਕਮਾਈ ਕਰਾਂਗਾ ਅਤੇ ਤੁਹਾਡੀ ਜ਼ਮੀਨ ਵਾਪਸ ਖਰੀਦ ਕੇ ਤੁਹਾਨੂੰ ਦੇਵਾਂਗਾ।”
ਆਪਣੇ ਪੁੱਤਰ ਦੀ ਇਹ ਗੱਲ ਸੁਣ ਕੇ ਜੀਤਾ ਧੁਰ ਅੰਦਰ ਤੱਕ ਕੰਬ ਗਿਆ। ਪਰ ਬੇਰੁਜ਼ਗਾਰੀ ਦਾ ਸਤਾਇਆ ਬਲਜਿੰਦਰ ਕੋਈ ਮਾੜਾ ਕਦਮ ਨਾ ਚੁੱਕ ਲਵੇ ਇਸ ਲਈ ਆਪਣੇ ਕਾਲਜੇ ਤੇ ਪੱਥਰ ਰੱਖ ਕੇ ਜੀਤੇ ਨੇ ਆਪਣੇ ਪੁਰਖਾਂ ਦੀ ਜਾਇਦਾਦ ਆਪਣੀ ਦੋ ਕਿੱਲੇ ਜ਼ਮੀਨ ਸਰਪੰਚ ਬਲਬੀਰ ਸਿੰਘ ਨੂੰ ਵੇਚ ਦਿੱਤੀ।
ਜੀਤੇ ਨੇ ਆਪਣੀ ਜ਼ਮੀਨ ਵੇਚ ਕੇ 15 ਲੱਖ ਰੁਪਏ ਬਲਜਿੰਦਰ ਨੂੰ ਦੇ ਦਿੱਤੇ। ਬਲਜਿੰਦਰ ਪੈਸੇ ਲੈ ਕੇ ਜਲੰਧਰ ਏਜੇਂਟ  ਕੋਲ ਗਿਆ ਅਤੇ ਉਸ ਨੂੰ ਆਪਣਾ ਪਾਸਪੋਰਟ ਅਤੇ ਪੈਸੇ ਦੇ ਆਇਆ। ਇਸੇ ਤਰ੍ਹਾਂ ਬੀਰੇ ਨੇ ਵੀ ਆਪਣੀ ਜ਼ਮੀਨ ਵੇਚ ਕੇ 15 ਲੱਖ ਰੁਪਏ ਏਜੇਂਟ  ਨੂੰ ਦੇ ਦਿੱਤੇ। ਬਲਜਿੰਦਰ ਤੇ ਬੀਰਾ ਹੁਣ ਸੁਪਨਿਆਂ ਦੀ ਜ਼ਿੰਦਗੀ ਜਿਉਣ ਲੱਗੇ। ਉਹਨਾਂ ਦੀਆਂ ਗੱਲਾਂ ਦਾ ਮੁੱਖ ਵਿਸ਼ਾ ਕਨੇਡਾ ਅਤੇ ਪੈਸਾ ਹੁੰਦਾ।
ਇਕ ਮਹੀਨੇ ਬਾਅਦ ਏਜੇਂਟ  ਨੇ ਬਲਜਿੰਦਰ ਤੇ ਬੀਰੇ ਨੂੰ ਫੋਨ ਤੇ ਦੱਸਿਆ, “ਬਈ ਬੱਲੀ, ਤੇਰਾ ਤੇ ਬੀਰੇ ਦਾ ਵੀਜ਼ਾ ਲੱਗ ਗਿਆ ਏ, ਆ ਕੇ ਆਪਣੇ ਪਾਸਪੋਰਟ ਲੈ ਜਾਓ।” ਬਲਜਿੰਦਰ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਉਹ ਉਸੇ ਦਿਨ ਗਿਆ ਅਤੇ ਪਾਸਪੋਰਟ ਲੈ ਆਇਆ। ਏਜੇਂਟ ਨੇ ਜਲੰਧਰੋਂ ਹੀ ਉਹਨਾਂ ਨੂੰ ਟਿਕਟਾਂ ਵੀ ਦਵਾ ਦਿੱਤੀਆਂ। ਟਿਕਟਾਂ ਲੈ ਕੇ ਬਲਜਿੰਦਰ ਤੇ ਬੀਰਾ ਪਿੰਡ ਆ ਗਏ ਅਤੇ ਕਨੇਡਾ ਦੀਆਂ ਤਿਆਰੀਆਂ ਕਰਨ ਲੱਗੇ। ਉਹਨਾਂ ਦੀਆਂ ਟਿਕਟਾਂ 27 ਨਵੰਬਰ ਦੀਆਂ ਬੁੱਕ ਸਨ। ਆਖਰ 27 ਨਵੰਬਰ ਦੀ ਤਾਰੀਖ ਵੀ ਆ ਗਈ। ਮਾਂ-ਪਿਓ ਦੀਆਂ ਅੱਖਾਂ ਵਿਚ ਉਡੀਕ ਦੇ ਹੰਝੂ ਛੱਡ ਬਲਜਿੰਦਰ ਤੇ ਬੀਰਾ ਘਰੋਂ ਚੱਲ ਪਏ। ਦਿੱਲੀ ਤੋਂ ਹਵਾਈ ਜਹਾਜ ਤੇ ਬੈਠੇ ਤੇ ਉੱਚੀਆਂ ਉਡਾਰੀਆਂ ਦੀ ਤਾਂਘ ਲਈ ਓਪਰੇ ਦੇਸ਼ ਕਨੇਡਾ ਪਹੁੰਚ ਗਏ।
ਆਪਣੀ ਮਿਹਨਤ ਅਤੇ ਲਗਨ ਨਾਲ ਛੇਤੀ ਹੀ ਬਲਜਿੰਦਰ ਤੇ ਬੀਰੇ ਨੇ ਇਕ ਫੈਕਟਰੀ ਵਿਚ ਕੰਮ ਲੱਭ ਲਿਆ। ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਸੀ ਬੀਰਾ ਤੇ ਬਲਜਿੰਦਰ ਜਿਆਦਾ ਮਿਹਨਤ ਕਰ ਰਹੇ ਸਨ। ਬਲਜਿੰਦਰ ਆਪਣੇ ਮਾਤਾ-ਪਿਤਾ ਨੂੰ ਜਿਆਦਾ ਪੈਸੇ ਭੇਜ ਰਿਹਾ ਸੀ, ਘਰ ਦੀ ਗ਼ਰੀਬੀ ਦੂਰ ਹੁੰਦੀ ਜਾ ਰਹੀ ਸੀ।
ਪਿੰਡ ਦਾ ਗ਼ਰੀਬ ਜੀਤਾ ਹੁਣ ਸਰਦਾਰ ਅਜੀਤ ਸਿੰਘ ਬਣ ਗਿਆ ਸੀ। ਉਸਨੇ 10 ਕਿੱਲੇ ਜ਼ਮੀਨ ਨਾਲ ਦੇ ਪਿੰਡ ਵਿਚ ਖਰੀਦ ਲਈ ਸੀ। ਸਾਰੇ ਪਿੰਡ ਵਾਲੇ ਬਲਜਿੰਦਰ ਦੀ ਸਿਫ਼ਤ ਕਰਦਿਆਂ ਨਾ ਥੱਕਦੇ।
“ਬੜਾ ਮਿਹਨਤੀ ਮੁੰਡਾ ਏ ਤੇਰਾ, ਜੀਤਿਆ।” ਤਾਏ ਨਛੱਤਰ ਸਿੰਘ ਨੇ ਬਲਜਿੰਦਰ ਦੇ ਬਾਪੂ ਨੂੰ ਕਿਹਾ।
“ਸਭ ਵਾਹਿਗੁਰੂ ਦੀ ਮਿਹਰ ਅਤੇ ਤੁਹਾਡੇ ਵਰਗੇ ਵੱਡਿਆਂ ਦਾ ਅਸ਼ੀਰਵਾਦ ਏ ਤਾਇਆ।” ਜੀਤੇ ਨੇ ਖੁਸ਼ੀ’ਚ ਖੀਵਾ ਹੁੰਦਿਆਂ ਕਿਹਾ।
ਜਿਵੇਂ-ਜਿਵੇਂ ਬਲਜਿੰਦਰ ਪੈਸੇ ਭੇਜਦਾ ਜੀਤਾ ਜ਼ਮੀਨ ਦੀ ਖਰੀਦ ਕਰੀ ਜਾਂਦਾ। ਹੁਣ ਉਹ 35 ਕਿੱਲਿਆਂ ਦਾ ਮਾਲਕ ਬਣ ਚੁਕਾ ਸੀ। ਪਿੰਡ ਦੇ ਲੋਕ ਉਸਨੂੰ ਜਗੀਰਦਾਰ ਕਹਿਣ ਲੱਗੇ ਸਨ। ਪਰ ਬਲਜਿੰਦਰ ਦੀ ਮਾਂ ਦੀਆਂ ਅੱਖਾਂ ਵਿਚ ਆਪਣੇ ਪੁੱਤਰ ਨੂੰ ਮਿਲਣ ਦੀ ਤੜਪ ਸੀ। ਉਹ ਦਿਨ ਰਾਤ ਆਪਣੇ ਪੁੱਤਰ ਨੂੰ ਮਿਲਣ ਲਈ ਰੱਬ ਅੱਗੇ ਅਰਦਾਸਾਂ ਕਰਦੀ।
ਸਮਾਂ ਆਪਣੀ ਚਾਲ ਚੱਲਦਾ ਗਿਆ। ਅੱਜ ਪੂਰੇ 10 ਸਾਲ ਦਾ ਲੰਮਾ ਅਰਸਾ ਬੀਤ ਗਿਆ ਸੀ ਬਲਜਿੰਦਰ ਨੂੰ ਕਨੇਡਾ ਗਏ ਹੋਏ ਨੂੰ। ਇਕ ਦਿਨ ਬਲਜਿੰਦਰ ਨੇ ਫੋਨ ਕੀਤਾ ਕਿ ਉਹ ਇਕ ਮਹੀਨੇ ਲਈ ਪੰਜਾਬ ਆ ਰਿਹਾ ਹੈ। ਇਹ ਸੁਣਦਿਆਂ ਹੀ ਬਲਜਿੰਦਰ ਦੀ ਮਾਂ ਖੁਸ਼ੀ ਨਾਲ ਖੀਵੀ ਹੋ ਉਠੀ।
ਅੱਜ 10 ਸਾਲ ਬਾਅਦ ਬਲਜਿੰਦਰ ਆਪਣੇ ਪਿੰਡ ਆਪਣੀ ਮਾਂ ਕੋਲ ਬੈਠਾ ਸੀ। ਪੂਰਾ ਪਿੰਡ ਉਸ ਨੂੰ ਮਿਲਣ ਉਹਨਾਂ ਦੇ ਘਰ ਜੁੜਿਆ ਹੋਇਆ ਸੀ। ਉਹ ਵਾਰੀ-ਵਾਰੀ ਸਾਰਿਆਂ ਨੂੰ ਮਿਲਿਆ ਅਤੇ ਜੰਗ ਵਿਚ ਜਿੱਤ ਕੇ ਆਏ ਯੋਧੇ ਵਾਂਗ ਸਾਰਿਆਂ ਨੇ ਉਸ ਨੂੰ ਜੀਅ ਆਇਆਂ ਕਿਹਾ।
ਮਾਂ ਨੇ ਆਪਣੇ ਪੁੱਤਰ ਨੂੰ ਸੀਨੇ ਨਾਲ ਲਾਇਆ। ਬਾਹਰੋਂ ਆਏ ਮੁੰਡੇ ਲਈ ਰਿਸ਼ਤਿਆਂ ਦੀ ਲਾਈਨ ਲੱਗ ਗਈ। ਮਾਂ-ਪਿਓ ਦੀ ਪਸੰਦ ਦੀ ਕੁੜੀ ਅਤੇ ਅਮੀਰ ਘਰਾਣੇ ਦੀ ਗੁਰਵਿੰਦਰ ਨਾਲ ਬਲਜਿੰਦਰ ਨੇ ਵਿਆਹ ਕਰਵਾ ਲਿਆ। ਅੱਜ ਉਸ ਦੀ ਮਾਂ ਦੇ ਸਾਰੇ ਚਾਅ ਪੂਰੇ ਹੋ ਗਏ ਸਨ। ਜੀਤੇ ਦੀ ਵੀ ਅੱਢੀ ਧਰਤੀ ਤੇ ਨਹੀਂ ਸੀ ਲੱਗ ਰਹੀ।
ਇਕ ਮਹੀਨੇ ਬਾਅਦ ਆਪਣੀ ਨਵੀਂ ਵਿਆਹੀ ਵਹੁਟੀ ਅਤੇ ਮਾਂ-ਪਿਓ ਨੂੰ ਛੇਤੀ ਹੀ ਕਨੇਡਾ ਬੁਲਾਉਣ ਦਾ ਵਾਅਦਾ ਕਰਕੇ ਬਲਜਿੰਦਰ ਮੁੜ ਕਨੇਡਾ ਚਲਾ ਗਿਆ। ਇਕ-ਦੋ ਦਿਨਾਂ ਬਾਅਦ ਉਸਦਾ ਫੋਨ ਆਉਂਦਾ ਅਤੇ ਉਹ ਸਾਰਿਆਂ ਦਾ ਹਾਲ-ਚਾਲ ਪੁੱਛਦਾ। ਬਲਜਿੰਦਰ ਜਦ ਵੀ ਫੋਨ ਕਰਦਾ ਤਾਂ ਕਹਿੰਦਾ, “ਬੇਬੇ ਤੂੰ ਫ਼ਿਕਰ ਨਾ ਕਰ ਮੈਂ ਛੇਤੀ ਹੀ ਤੁਹਾਨੂੰ ਇੱਥੇ ਬੁਲਾ ਲਵਾਂਗਾ।”
ਅਚਾਨਕ ਇਕ ਦਿਨ ਬਲਜਿੰਦਰ ਦੇ ਦੋਸਤ ਬੀਰੇ ਦਾ ਫੋਨ ਆਇਆ ਕਿ ਬਲਜਿੰਦਰ ਜਿਸ ਗੱਡੀ ਨਾਲ ਕੰਮ ਤੇ ਗਿਆ ਸੀ, ਉਸ ਦਾ ਐਕਸੀਡੈਂਟ ਹੋ ਗਿਆ ਹੈ। ਉਸ ਨੇ ਦੱਸਿਆ ਕਿ ਇਸ ਗੱਡੀ ਵਿਚ ਬਲਜਿੰਦਰ ਸਮੇਤ ਸਵਾਰ 4 ਆਦਮੀ ਥਾਂ ਤੇ ਹੀ ਮਰ ਗਏ ਹਨ। ਇਹ ਗੱਲ ਸੁਣਦਿਆਂ ਹੀ ਬਲਜਿੰਦਰ ਦੀ ਮਾਂ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਈ। ਪੂਰਾ ਪਿੰਡ ਜੀਤੇ ਦੇ ਘਰ ਜੁੜਿਆ ਹੋਇਆ ਸੀ। ਰੋਣ-ਪਿੱਟਣ ਦੀ ਆਵਾਜ਼ ਨੇ ਪੂਰਾ ਪਿੰਡ ਰੋਣ ਲਗਾ ਦਿੱਤਾ। ਜੀਤੇ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹਨਾਂ ਦਾ ਪੁੱਤਰ ਹੁਣ ਇਸ ਦੁਨੀਆਂ ਵਿਚ ਨਹੀਂ ਹੈ। ਉਸ ਨੂੰ ਵਿਸ਼ਵਾਸ ਨਾ ਹੁੰਦਾ ਅਤੇ ਉਹ ਸੋਚਦਾ, “ਕੀ ਪਤਾ, ਬੀਰੇ ਨੇ ਝੂਠ ਬੋਲਿਆ ਹੋਵੇ।”
“ਪਰ……ਬਲਜਿੰਦਰ ਬਾਰੇ ਕਿੱਥੋਂ ਪਤਾ ਕਰਾਂ।” ਜੀਤੇ ਨੂੰ ਸਮਝ ਨਹੀਂ ਸੀ ਆ ਰਹੀ।
ਇਸ ਤਰ੍ਹਾਂ ਦੋ ਮਹੀਨੇ ਬੀਤ ਗਏ ਪਰ ਬਲਜਿੰਦਰ ਦਾ ਕੋਈ ਫੋਨ ਨਹੀਂ ਆਇਆ। ਹੁਣ ਜੀਤੇ ਦੇ ਮਨ ਵਿਚ ਵਿਚਾਰ ਆਉਂਦੇ, “ਕੀ ਪਤਾ ਬੀਰੇ ਨੇ ਸੱਚ ਕਿਹਾ ਹੋਵੇ……।”
“……ਨਹੀਂ-ਨਹੀਂ ਇਹ ਨਹੀਂ ਹੋ ਸਕਦਾ।” ਉਹ ਅਚਾਨਕ ਬੁੜ-ਬੜਾਉਣ ਲੱਗਦਾ। ਅਮੀਰ ਘਰ ਦੀ ਬਲਜਿੰਦਰ ਦੀ ਵਹੁਟੀ ਗੁਰਵਿੰਦਰ ਵੀ ਬਹੁਤੀ ਦੇਰ ਤੱਕ ਉਸਦੀ ਉਡੀਕ ਨਾ ਕਰ ਸਕੀ। ਉਸ ਦੇ ਮਾਂ-ਪਿਓ ਆਪਣੀ ਧੀ ਅਤੇ ਵਿਆਹ ਤੇ ਦਿੱਤਾ ਦਾਜ ਸਮੇਤ ਵਿਆਜ ਜੀਤੇ ਘਰੋਂ ਲੈ ਗਏ।
ਅੱਜ ਪੂਰੇ ਤਿੰਨ ਸਾਲ ਬੀਤ ਗਏ ਹਨ, ਪਰ ਬਲਜਿੰਦਰ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ। ਕੀ ਪਤਾ ਉਹ ਜਿਉਂਦਾ ਹੋਵੇ, ਕਿਸੇ ਦੀ ਕੈਦ ਵਿਚ ਹੋਵੇ, ਸਭ ਆਪਣੀਆਂ ਗੱਲਾਂ ਨਾਲ ਜੀਤੇ ਨੂੰ ਹੌਂਸਲਾ ਦਿੰਦੇ।
ਬਲਜਿੰਦਰ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਹਰ ਵੇਲੇ ਅੱਥਰੂ ਵਹਾਉਣ ਕਰਕੇ ਉਸ ਨੂੰ ਘੱਟ ਨਜ਼ਰ ਆਉਂਦਾ। ਜੀਤੇ ਦੀ ਨਜ਼ਰ ਵੀ ਜਵਾਬ ਦੇ ਰਹੀ ਸੀ। ਦੋਵੇਂ ਜੀਅ ਘਰ ਵਿਚ ਬੈਠੇ ਬਾਹਰ ਦਰਵਾਜੇ ਵੱਲ ਤੱਕਦੇ ਰਹਿੰਦੇ।ਕੀ ਪਤਾ ਬਲਜਿੰਦਰ ਆ ਜਾਵੇ…………!
ਸਾਡੀਆਂ ਅੱਖਾਂ ਦਾ ਤਾਰਾ……………!
ਸਾਡਾ ਪੁੱਤ……………ਕੀ ਪਤਾ……!
ਨਿਸ਼ਾਨ ਰਾਠੌਰ ‘ਮਲਿਕਪੁਰੀ’

Leave a Reply

Your email address will not be published. Required fields are marked *

Back to top button