District NewsMalout News

ਜਿ਼ਲ੍ਹੇ ਵਿੱਚ ਵਿਧਾਨ ਸਭਾ ਚੋਣਾਂ ਲਈ 697953 ਵੋਟਰ ਆਪਣੀ ਵੋਟ ਦਾ ਕਰਨਗੇ ਇਸਤੇਮਾਲ

ਜਿ਼ਲ੍ਹੇ ਵਿੱਚ ਚੋਣਾਂ ਕਰਵਾਉਣ ਲਈ ਬਣਾਏ ਗਏ ਹਨ 752 ਪੋਲਿੰਗ ਸਟੇਸ਼ਨ

ਮਲੋਟ:- ਐਤਵਾਰ ਨੂੰ ਵੋਟਰਾਂ ਦਾ ਦਿਨ ਹੋਵੇਗਾ,  ਇਸ ਦਿਨ ਜਿ਼ਲ੍ਹੇ ਦੇ ਵੋਟਰ ਪੰਜਾਬ ਵਿਧਾਨ ਸਭਾ ਦੀ ਚੋਣ ਲਈ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਅੱਜ ਜ਼ਿਲ੍ਹੇ ਵਿੱਚ ਵਿਧਾਨ ਸਭਾ ਹਲਕਾ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਲਈ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ।  ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਆਈ.ਏ.ਐੱਸ. ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 20 ਫਰਵਰੀ 2022 ਨੂੰ  ਵਿਧਾਨ ਸਭਾ ਚੋਣਾਂ ਵਿੱਚ ਬਿਨ੍ਹਾਂ ਕਿਸੇ ਡਰ, ਲਾਲਚ ਜਾਂ ਭੈਅ ਦੇ ਵੱਧ ਚੜ੍ਹ ਕੇ ਮਤਦਾਨ ਕਰਨ। ਉਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸੁੱਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਥਾਨਕ ਪੁਲਿਸ ਤੋਂ ਇਲਾਵਾ ਕੇਂਦਰੀ ਬਲਾਂ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਉਨਾਂ ਨੇ ਆਖਿਆ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਕਿਸੇ ਵੋਟਰ ਨੂੰ ਲਾਲਚ ਦੇਵੇ ਜਾਂ ਡਰਾਵੇ ਜਾਂ ਧਮਕਾਵੇ ਤਾਂ ਚੋਣ ਕਮਿਸ਼ਨ ਦੇ ਹੈਲਪ ਲਾਈਨ ਨੰਬਰ 1950 ਜਾਂ ਸੀਵਿਜਲ ਐਪ ਤੇ ਸ਼ਿਕਾਇਤ ਕਰ ਸਕਦਾ ਹੈ। ਇਸ ਵਾਰ ਸਾਰੇ ਪੋਲਿੰਗ ਬੂਥਾਂ ਤੇ ਵੀ.ਵੀ.ਪੈੱਟ ਮਸ਼ੀਨਾਂ ਲਗਾਈਆਂ ਗਈਆਂ ਹਨ ਜੋ ਕਿ ਜਿੱਥੇ ਵੋਟਰ ਵੋਟ ਪਾਉਣ ਲਈ ਮਸ਼ੀਨ ਦੇ ਬੈਲਟ ਯੁਨਿਟ ਤੇ ਆਪਣੀ ਪਸੰਦ ਦੇ ਉਮੀਦਵਾਰ ਦਾ ਬਟਨ ਦਬਾਏਗਾ ਤਾਂ ਉਸਨੂੰ ਨਾਲ ਰੱਖੀ ਵੀ.ਵੀ.ਪੈੱਟ ਮਸ਼ੀਨ ਦੀ ਸਕਰੀਨ ਤੇ ਇਕ ਪਰਚੀ ਦਿਖਾਈ ਦੇਵੇਗੀ ਜਿਸ ਤੇ ਉਹ ਜਾਣ ਸਕੇਗਾ ਕਿ ਉਸਦੀ ਵੋਟ ਠੀਕ ਉਸ ਉਮੀਦਵਾਰ ਨੂੰ ਪੈ ਗਈ ਹੈ ਜਿਸ ਦੇ ਨਾਂਅ ਦੇ ਸਾਹਮਣੇ ਵਾਲਾ ਬਟਨ ਉਸਨੇ ਦਬਾਇਆ ਹੈ। ਇਹ ਪਰਚੀ 7 ਸੈਕਿੰਡ ਤੱਕ ਦਿਖਾਈ ਦਿੰਦੀ ਰਹੇਗੀ ਅਤੇ ਫਿਰ ਕੱਟ ਕੇ ਮਸ਼ੀਨ ਦੇ ਅੰਦਰ ਹੀ ਬਣੇ ਬਕਸੇ ਵਿਚ ਸੁਰੱਖਿਅਤ ਹੋ ਜਾਵੇਗੀ। ਇਸ ਤੋਂ ਬਿਨਾਂ ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਅੰਦਰ ਮੋਬਾਇਲ ਫੋਨ ਲੈ ਕੇ ਜਾਣ ਤੇ ਪਾਬੰਦੀ ਹੋਵੇ। ਜਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵਿਚ ਕੁੱਲ 6,97,953 ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਜਿੰਨਾਂ ਵਿੱਚ 3,65,680 ਮਰਦ ਵੋਟਰ 3,32,250 ਔਰਤ ਵੋਟਰ ਅਤੇ 23 ਥਰੀ ਜੈਂਡਰ ਵੋਟਰ ਕੁੱਲ 752 ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਦਾ ਇਸਤੇਮਾਲ ਕਰਗੇ। ਉਹਨਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਧਾਨ ਸਭਾ ਲੰਬੀ ਲਈ ਕੁੱਲ 177 ਪੋਲਿੰਗ ਸਟੇਸ਼ਨ ਤੇ 86091 ਮਰਦ ਵੋਟਰ, 79170 ਔਰਤ ਵੋਟਰ ਅਤੇ 2 ਥਰੀ ਜੈਂਡਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸੇ ਤਰ੍ਹਾਂ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਕੁਲ 172 ਪੋਲਿੰਗ ਸਟੇਸ਼ਨ ਤੇ 87125 ਮਰਦ, 80093 ਔਰਤਾ ਤੇ 10 ਥਰੀ ਜੈਂਡਰ ਵੋਟਰ, ਮਲੋਟ ਵਿਧਾਨ ਸਭਾ ਹਲਕੇ ਵਿੱਚ 190 ਪੋਲਿੰਗ ਸਟੇਸ਼ਨ ਤੇ 93358 ਮਰਦ ਵੋਟਰ, 83206 ਔਰਤ ਵੋਟਰ ਅਤੇ 9 ਥਰੀ ਜੈਂਡਰ ਹਨ, ਜਦਕਿ ਵਿਧਾਨ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿੱਚ 213 ਪੋਲਿੰਗ ਸਟੇਸ਼ਨ ਤੇ 99106 ਮਰਦ ਵੋਟਰ, 89781 ਔਰਤ ਵੋਟਰ ਅਤੇ 2 ਥਰੀ ਜੈਂਡਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹਰੇਕ ਪੋਲਿੰਗ ਸਟੇਸ਼ਨ ਵਿੱਚ ਕੋਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਔਰਤ ਵੋਟਰ, ਮਰਦ ਵੋਟਰ, ਦਿਵਿਆਂਗ ਵੋਟਰਾਂ ਅਤੇ ਬਜਰੁਗ ਵੋਟਰਾਂ ਲਈ ਸਪੈਸ਼ਲ ਪ੍ਰਬੰਧ ਕੀਤਾ ਗਿਆ ਹੈ।

Leave a Reply

Your email address will not be published. Required fields are marked *

Back to top button