District NewsMalout News

ਓਵਰਏਜ਼ ਬੇਰੁਜ਼ਗਾਰ ਯੂਨੀਅਨ ਦੀ ਮੰਤਰੀ ਮੀਤ ਹੇਅਰ ਨਾਲ ਹੋਈ ਮੀਟਿੰਗ ਵਿੱਚ 15 ਮਈ ਦੀ ਚੰੜੀਗੜ ਵਿਖੇ ਦਿੱਤੀ ਸੀ.ਐੱਮ ਨਾਲ ਪੈਨਲ ਮੀਟਿੰਗ

ਮਲੋਟ: ਸਥਾਨਕ ਲੋਕ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਇਕ ਸਾਲ ਵਿੱਚ ਲਾਰਿਆਂ ਤੋਂ ਅੱਕੇ ਵੱਖ-ਵੱਖ ਵਰਗਾਂ ਨੇ ਰੋਸ ਪ੍ਰਦਰਸ਼ਨ ਕਰਨ ਦੀ ਮੁਹਿੰਮ ਤੇਜ਼ ਕੀਤੀ ਹੋਈ ਹੈ। ਹੁਣ ਜਦੋਂ ਚੋਣ ਪ੍ਰਚਾਰ ਬੰਦ ਹੋਣ ਵਿੱਚ ਦੋ ਦਿਨ ਬਾਕੀ ਹਨ ਤਾਂ ਸਥਾਨਕ ਸ਼ਹਿਰ ਧਰਨਿਆਂ ਦਾ ਗੜ੍ਹ ਬਣਿਆ ਹੋਇਆ ਹੈ। ਇਸੇ ਕੜੀ ਤਹਿਤ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਉਮਰ ਹੱਦ ਛੋਟ ਦੇ ਕੇ ਭਰਤੀ ਦੀ ਮੰਗ ਕਰਦੇ ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ ਨੇ ਆਮ ਆਦਮੀ ਪਾਰਟੀ ਦੇ ਚੋਣ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਸੀ। ਜਿਸ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਜੋ ਅੱਜ ਸੀ.ਐੱਮ ਮਾਨ ਦੇ ਕਹਿਣ ਤੇ ਉਚੇਰੀ ਸਿੱਖਿਆ ਮੰਤਰੀ ਸ੍ਰ. ਗੁਰਮੀਤ ਸਿੰਘ ਮੀਤ ਹੇਅਰ ਨਾਲ ਕਰਵਾਈ ਗਈ। ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਭਰਤੀ ਹੋਣ ਲਈ ਉਮੀਦਵਾਰਾਂ ਦੀ ਉੱਪਰਲੀ ਉਮਰ ਸੀਮਾ ਵਿੱਚ ਛੋਟ ਦੇਣ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਅਜੇ ਤੱਕ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ। ਇਸ ਸੰਬੰਧੀ ਅਨੇਕਾਂ ਵਾਰ ਬੇਰੁਜ਼ਗਾਰਾਂ ਨੂੰ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਵੀ ਹੋਣਾ ਪਿਆ ਹੈ। ਇਸ ਮੰਗ ਲਈ ਮੈਂ ਖੁਦ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਮਰਨ ਵਰਤ ਤੇ ਵੀ ਬੈਠਾ ਰਿਹਾ ਸੀ। ਇਸ ਲਈ ਉਕਤ ਮੰਤਰੀ ਬੇਰੁਜ਼ਗਾਰਾਂ ਦੀਆਂ ਉਮਰ ਹੱਦ ਛੋਟ ਸਮੇਤ ਸਾਰੀਆਂ ਮੰਗਾਂ ਤੋ ਪਹਿਲਾਂ ਹੀ ਭਲੀ ਭਾਂਤ ਜਾਣੂੰ ਹਨ। ਇਸ ਲਈ ਉਨ੍ਹਾਂ ਮੌਕੇ ‘ ਤੇ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਰਾਬਤਾ ਕਰਕੇ ਬੇਰੁਜ਼ਗਾਰਾਂ ਨਾਲ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕਰਨ ਅਤੇ ਵਿਧਾਨ ਸਭਾ ਪੰਜਾਬ ਵਿੱਚੋ ਉਮਰ ਹੱਦ ਛੋਟ ਦੇਣ ਦਾ ਮਤਾ ਪਾਸ ਕਰਵਾਉਣ ਸੰਬੰਧੀ ਵਿਚਾਰ ਕੀਤੀ।

Author: Malout Live

Back to top button