Punjab

ਹਾਕੀ ਦਿੱਗਜ ਪਦਮਸ੍ਰੀ ‘ਬਲਬੀਰ ਸਿੰਘ ਸੀਨੀਅਰ’ ਦਾ ਦਿਹਾਂਤ

 ਹਾਕੀ ਦੇ ਮਹਾਨ ਸੀਨੀਅਰ ਖਿਡਾਰੀ ਤੇ ਉਲੰਪਿਕ ‘ਚ ਤਿੰਨ ਵਾਰ ਦੇ ਸੋਨ ਤਮਗ਼ਾ ਜੇਤੂ ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹ 95 ਵਰ੍ਹਿਆਂ ਦੇ ਸਨ। ਉਹਨਾਂ ਅੱਜ ਸਵੇਰੇ 6.00 ਵਜੇ ਮੋਹਾਲੀ ਦੇ ਹਸਪਤਾਲ ਵਿੱਚ ਆਖਰੀ ਸਾਹ ਲਏ ਹਨ। ਉਹ ਆਪਣੇ ਪਿੱਛੇ ਤਿੰਨ ਪੁੱਤਰ ਇਕ ਧੀ ਛੱਡ ਗਏ ਹਨ। ਉਹਨਾਂ ਦਾ ਜਨਮ 10 ਅਕਤੂਬਰ 1924 ਨੂੰ ਪਿੰਡ ਹਰੀਪੁਰ ਖਾਲਸਾ ਜ਼ਿਲ੍ਹਾ ਜਲੰਧਰ ਵਿਚ ਹੋਇਆ ਸੀ।

ਭਾਰਤ ਦੇ ਚੋਟੀ ਦੇ ਹਾਕੀ ਖਿਡਾਰੀ ਅਤੇ ਤਿੰਨ ਵਾਰੀ ਦੇ ਓਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ ਦੀ ਪਿਛਲੇ ਦਿਨੀਂ ਤਬੀਅਤ ਖਰਾਬ ਹੋ ਗਈ ਸੀ। ਜਿਸ ਕਰਕੇ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਬਲਬੀਰ ਸਿੰਘ ਸੀਨੀਅਰ ਨੇ ਲੰਡਨ, ਹੇਲਸਿੰਕੀ ਅਤੇ ਮੈਲਬੋਰਨ ਉਲੰਪਿਕ ‘ਚ ਭਾਰਤ ਨੂੰ ਸੋਨ ਤਮਗ਼ਾ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਹੇਲਸਿੰਕੀ ਓਲੰਪਿਕ 1952 ਵਿਚ ਨੀਦਰਲੈਂਡ ਦੇ ਖਿਲਾਫ ਫਾਈਨਲ ‘ਚ ਭਾਰਤ ਦੀ 6-1 ਦੀ ਜਿੱਤ ਵਿਚ 5 ਗੋਲ ਦਾਗ਼ੇ ਸਨ ਅਤੇ ਇਹ ਰੀਕਾਰਡ ਹਾਲੇ ਵੀ ਬਰਕਰਾਰ ਹੈ। ਦੱਸ ਦੇਈਏ ਕਿ ਬਲਬੀਰ ਸਿੰਘ ਸੀਨੀਅਰ ਹਾਕੀ ਦੇ ਮਹਾਨ ਖਿਡਾਰੀ ਸਨ ਅਤੇ ਓਲੰਪਿਕ 1948, 1952 ਅਤੇ 1956 ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਸਨ। ਉਹ 1956 ਓਲੰਪਿਕ ਵਿਚ ਭਾਰਤੀ ਟੀਮ ਦੇ ਕਪਤਾਨ ਵੀ ਸਨ। ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ 1957 ਵਿਚ ਪਦਮਸ਼੍ਰੀ ਨਾਲ ਨਿਵਾਜਿਆ ਗਿਆ ਸੀ।

Leave a Reply

Your email address will not be published. Required fields are marked *

Back to top button