Malout News

ਪਿੰਡਾਂ ਵਿੱਚ ਰਾਜਨੀਤਕ ਪੱਖਪਾਤ ਖਤਮ ਕਰਨ ਲਈ ਹੀ ਹੋਇਆ ਸੀ ਜੀ.ਓ.ਜੀ ਦਾ ਗਠਨ – ਹਰਪ੍ਰੀਤ ਸਿੰਘ

ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਭੇਜੇ ਰਾਸ਼ਣ ਦੀ ਵੰਡ ਤੇ ਹੈ ਜੀ.ਓ.ਜੀ ਦੀ ਪੈਨੀ ਨਜਰ

ਮਲੋਟ (ਆਰਤੀ ਕਮਲ):- ਪੰਜਾਬ ਵਿਚ ਵੱਡੀ ਗਿਣਤੀ ਅਬਾਦੀ ਦਿਹਾਤੀ ਖੇਤਰ ਵਿਚ ਨਿਵਾਸ ਕਰਦੀ ਹੈ ਅਤੇ ਅਕਸਰ ਪਿੰਡ ਵਾਸੀਆਂ ਵੱਲੋਂ ਸ਼ਿਕਾਇਤ ਹੁੰਦੀ ਹੈ ਕਿ ਸੂਬੇ ਵਿਚ ਕਿਸੇ ਪਾਰਟੀ ਦੀ ਸਰਕਾਰ ਬਦਲਣ ਨਾਲ ਪਿੰਡ ਪੱਧਰ ਤੇ ਮਿਲਣ ਵਾਲੀਆਂ ਸਰਕਾਰੀ ਸਕੀਮਾਂ ਦੇ ਲਾਭ ਵਿਚ ਵੱਡੇ ਪੱਧਰ ਤੇ ਪੱਖਪਾਤ ਕੀਤਾ ਜਾਂਦਾ ਹੈ । ਪੰਜਾਬ ਵਿਚ ਇਸ ਵਾਰ 2017 ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿਚ ਸਰਕਾਰ ਬਣਨ ਉਪਰੰਤ ਸੱਭ ਤੋਂ ਪਹਿਲਾਂ ਉਹਨਾਂ ਲੋਕਾਂ ਦੀ ਇਸ ਮੁਸ਼ਕਲ ਦੇ ਹੱਲ ਲਈ ਅਤੇ ਵਧੀਆ ਪ੍ਰਸ਼ਾਸਨਕ ਸੇਵਾਵਾਂ ਦੇਣ ਲਈ ਸਾਬਕਾ ਫੌਜੀਆਂ ਨੂੰ ਲੈ ਕੇ ਇਕ ਵਲੰਟੀਅਰ ਸੰਸਥਾ ਗਾਰਡੀਐਂਸ ਆਫ ਗਵਰਨੈਂਸ (ਜੀ.ਓ.ਜੀ) ਦਾ ਗਠਨ ਕੀਤਾ ।

ਜਿਸ ਦਾ ਕੰਮ ਸਰਕਾਰੀ ਸਕੀਮਾਂ ਤੇ ਪੈਨੀ ਅੱਖ ਰੱਖ ਕੇ ਸਰਕਾਰ ਨੂੰ ਸੱਚੀ ਸੁੱਚੀ ਫੀਡਬੈਕ ਦੇਣਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਅੱਜ ਪਿੰਡਾਂ ਵਿਚ ਰਾਸ਼ਨ ਵੰਡ ਨੂੰ ਲੈ ਕੇ ਸਰਕਾਰ ਤੇ ਘਪਲੇ ਆਦਿ ਦੇ ਲਾਏ ਜਾ ਰਹੇ ਦੋਸ਼ਾਂ ਬਾਰੇ ਕਰਦਿਆਂ ਕਿਹਾ ਕਿ ਜੀ.ਓ.ਜੀ ਵੱਲੋਂ ਹਰ ਰੋਜ ਹਰੇਕ ਪਿੰਡ ਅੰਦਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਅਧੀਨ ਲਾਭਪਾਤਰੀਆਂ ਨੂੰ ਦਿੱਤੇ ਜਾ ਰਹੇ ਰਾਸ਼ਨ ਦੀ ਰਿਪੋਰਟ ਜੀ..ਓ.ਜੀ ਵੱਲੋਂ ਦਿੱਤੀ ਜਾਂਦੀ ਹੈ । ਜੀ.ਓ.ਜੀ ਖੁਦ ਡਿਪੂ ਹੋਲਡਰ ਨਾਲ ਮੌਕੇ ਤੇ ਮੌਜੂਦ ਰਹਿ ਕੇ ਲੋਕਾਂ ਨੂੰ ਪੂਰਾ ਰਾਸ਼ਨ ਦਿੱਤੇ ਜਾਣਾ ਯਕੀਨੀ ਬਣਾਉਂਦੇ ਹਨ ਅਤੇ ਉਸਦੀ ਬਕਾਇਦਾ ਫੋਟੋ ਕਲਿਕ ਕਰਕੇ ਵੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਭੇਜੀ ਜਾਂਦੀ ਹੈ । ਜੀ.ਓ.ਜੀ ਇੰਚਾਰਜ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੀ ਤਰੱਕੀ ਵਿਕਾਸ ਦੇ ਨਾਲ ਨਾਲ ਪਿੰਡ ਪੱਧਰ ਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਮੇਸ਼ਾਂ ਪੂਰੇ ਤਨ ਮਨ ਨਾਲ ਯਤਨਸ਼ੀਲ ਰਹਿੰਦੇ ਹਨ ਅਤੇ ਕਰੋਨਾ ਮਹਾਂਮਾਰੀ ਦੌਰਾਨ ਵੀ ਕੈਪਟਨ ਸਾਹਿਬ ਦੇ ਨਿੱਜੀ ਫੈਸਲਿਆਂ ਤੇ ਯਤਨਾਂ ਸਦਕਾ ਹੀ ਬਾਕੀ ਸੂਬਿਆਂ ਦਾ ਮੁਕਾਬਲੇ ਪੰਜਾਬ ਦੀ ਸਥਿਤੀ ਅੱਜ ਬਹੁਤ ਬਿਹਤਰ ਹੈ । ਹਰਪ੍ਰੀਤ ਸਿੰਘ ਨੇ ਪਿੰਡ ਪੱਧਰ ਤੇ ਤੈਨਾਤ ਜੀ.ਓ.ਜੀ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਲੋਕਾਂ ਨੂੰ ਅਵੇਸਲੇ ਨਾ ਹੋਣ ਦੇਣ ਲਈ ਲਗਾਤਾਰ ਜਾਗਰੂਕ ਕਰਦੇ ਰਹਿਣ ਲਈ ਵੀ ਸੁਚੇਤ ਕੀਤਾ । ਇਸ ਮੌਕੇ ਸੁਪਰਵਾਈਜਰੀ ਸਟਾਫ ਅਤੇ ਕੰਪਿਊਟਰ ਓਪਰੇਟਰ ਨਵਜੋਤ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *

Back to top button