District NewsMalout News

ਸਿਹਤ ਵਿਭਾਗ ਵੱਲੋਂ ਵੱਖ-ਵੱਖ ਸਿਹਤ ਕੇਂਦਰਾਂ ਤੇ 18 ਮਾਰਚ ਤੱਕ ਮਨਾਇਆ ਜਾ ਰਿਹਾ ਗਲੂਕੋਮਾ ਹਫ਼ਤਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਕੌਮੀ ਅੰਨ੍ਹਾਪਣ ਰੋਕਥਾਮ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਪੰਜਾਬ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਦੀਪ ਚਾਵਲਾ ਦੀ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਸਿਹਤ ਕੇਂਦਰਾਂ ‘ਤੇ 18 ਮਾਰਚ ਤੱਕ ਵਿਸ਼ਵ ਗਲੂਕੋਮਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਡਾ. ਜਗਦੀਪ ਚਾਵਲਾ ਨੇ ਦੱਸਿਆ ਕਿ ਗਲੂਕੋਮਾ ਹਫ਼ਤਾ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਕਾਲੇ ਮੋਤੀਏ ਅਤੇ ਅੱਖਾਂ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਗਲੂਕੋਮਾ ਸਥਾਈ ਨੇਤਰਹੀਣਤਾ ਦੇ 5 ਮੁੱਖ ਕਾਰਨਾਂ ਵਿੱਚੋਂ ਇਕ ਅਹਿਮ ਕਾਰਨ ਹੈ। ਡਾ. ਚਾਵਲਾ ਨੇ ਕਿਹਾ ਕਿ ਗਲੂਕੋਮਾ ਦਾ ਇਲਾਜ ਸਫ਼ਲ ਤਰੀਕੇ ਨਾਲ ਹੋ ਸਕਦਾ ਹੈ, ਜੇਕਰ ਇਸ ਦਾ ਸਮੇਂ ਸਿਰ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ ਚਿੱਟੇ ਮੋਤੀਏ ਦਾ ਸਮੇਂ ਸਿਰ ਆਪ੍ਰੇਸ਼ਨ ਕਰਵਾ ਲੈਣਾ ਚਾਹੀਦਾ ਹੈ। ਹਰੇਕ ਇਨਸਾਨ ਨੂੰ ਛੇ ਮਹੀਨੇ ਬਾਅਦ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਜ਼ਿਆਦਾ ਧੁੱਪ ‘ਚ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸੀ.ਐੱਚ.ਓ. ਜਸਲੀਨ ਨੇ ਦੱਸਿਆ ਕਿ ਦੇਸ਼ ਵਿੱਚੋਂ ਅੰਨ੍ਹਾਪਣ ਦੂਰ ਕਰਨ ਲਈ ਸਾਨੂੰ ਅੱਖਾਂ ਦੀ ਸੰਭਾਲ ਸੰਬੰਧੀ ਜਾਗਰੂਕ ਹੋਣ ਦੀ ਲੋੜ ਹੈ। ਇਸ ਲਈ ਬਲਾਕ ਅਧੀਨ ਆਉਂਦੇ 23 ਸਿਹਤ ਕੇਂਦਰਾਂ ਅਤੇ ਪੀ.ਐੱਚ.ਸੀਜ਼ ਤੇ ਗਲੂਕੋਮਾ ਬਾਰੇ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਇਸ ਦੌਰਾਨ ਪਿੰਡ ਦਬੜਾ ਮਲਟੀਪਰਪਜ਼ ਹੈੱਲਥ ਸੁਪਰਵਾਈਜ਼ਰ (ਮੇਲ ਤੇ ਫੀਮੇਲ), ਮਲਟੀਪਰਪਜ਼ ਹੈੱਲਥ ਵਰਕਰ (ਮੇਲ ਤੇ ਫੀਮੇਲ) ਅਤੇ ਪਿੰਡ ਵਾਸੀ ਹਾਜ਼ਿਰ ਸਨ।

Auhthor: Malout Live

Back to top button