District NewsMalout News

ਕਿਸਾਨਾਂ ਨੂੰ ਕਣਕ ਦੀ ਪੂਰੀ ਐੱਮ.ਐੱਸ.ਪੀ ਮਿਲੇਗੀ- ਡਿਪਟੀ ਕਮਿਸ਼ਨਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਵਿਨੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਦੀ ਐੱਮ.ਐੱਸ.ਪੀ ਤੇ ਫਸਲ ਦੇ ਖਰਾਬੇ ਦੇ ਮੱਦੇਨਜ਼ਰ ਲਗਾਈ ਕੀਮਤ ਕਟੌਤੀ ਦਾ ਕਿਸਾਨਾਂ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਂਸਲੇ ਅਨੁਸਾਰ ਕਣਕ ਦੇ ਬਦਰੰਗ ਜਾਂ ਸੁੰਘੜੇ ਦਾਣਿਆਂ ਕਾਰਨ ਜੋ ਵੀ ਕੀਮਤ ਕਟੌਤੀ ਹੋਵੇਗੀ ਉਸਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਨੂੰ 2125 ਰੁਪਏ ਦਾ ਸਰਕਾਰ ਵੱਲੋਂ ਐਲਾਨਿਆ ਘੱਟੋ-ਘੱਟ ਭਾਅ ਮਿਲੇਗਾ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕਿਸਾਨ ਨੂੰ ਪਹਿਲਾਂ ਤੋਂ ਕੀਮਤ ਕਟੌਤੀ ਨਾਲ ਅਦਾਇਗੀ ਮਿਲ ਗਈ ਹੋਵੇ

ਤਾਂ ਵੀ ਉਸਦੇ ਖਾਤੇ ਵਿੱਚ ਵੀ ਕਟੌਤੀ ਕੀਤੀ ਰਕਮ ਭੇਜ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੀਮਤ ਕਟੌਤੀ ਸੰਬੰਧੀ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ। ਕਿਸਾਨ ਸੁੱਕੀ ਅਤੇ ਸਾਫ਼ ਸੁਥਰੀ ਕਣਕ ਅਨਾਜ ਮੰਡੀਆਂ ਵਿੱਚ ਲੈ ਕੇ ਆਉਣ। ਉਨ੍ਹਾਂ ਨੇ ਖਰੀਦ ਏਜੰਸੀਆਂ ਨੂੰ ਵੀ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਕੀਮਤ ਕਟੌਤੀ ਸੰਬੰਧੀ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਜੇਕਰ ਇਸ ਵਿਸੇ਼ ਸੰਬੰਧੀ ਕਿਸੇ ਕਿਸਾਨ ਤੋਂ ਕੋਈ ਸ਼ਿਕਾਇਤ ਮਿਲੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਸਰਕਾਰ ਦੀਆਂ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।

Author: Malout Live

Back to top button