District NewsMalout News

ਵਿਸ਼ਵ ਗਲੋਕੋਮਾ ਹਫਤੇ ਦੌਰਾਨ ਕੀਤੀ ਜਾ ਰਹੀ ਅੱਖਾਂ ਦੀ ਜਾਂਚ- ਸਿਵਲ ਹਸਪਤਾਲ ਮਲੋਟ

ਮਲੋਟ: ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਨਵਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਐੱਮ.ਓ ਡਾ. ਸੁਨੀਲ ਬਾਂਸਲ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਮਲੋਟ ਵਿਖੇ ਮਿਤੀ 10 ਮਾਰਚ ਤੋਂ 16 ਮਾਰਚ ਤੱਕ ਵਿਸ਼ਵ ਗਲੋਕੋਮਾ ਹਫਤਾ ਮਨਾਇਆ ਜਾ ਰਿਹਾ ਹੈ । ਇਸ ਮੌਕੇ ਡਾ. ਏਕਤਾ ਸਿਆਲ ਨੇ ਦੱਸਿਆ ਕਿ ਮਰੀਜਾਂ ਨੂੰ ਕਾਲਾ ਮੋਤੀਆ ਹਫਤਾ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਹਫਤੇ ਦੌਰਾਨ ਸਰਕਾਰੀ ਹਸਪਤਾਲ ਵਿੱਚ ਕਾਲਾ ਮੋਤੀਆ ਦੇ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਗਲੋਕੋਮਾ ਨੇਤਰਹੀਣਤਾ ਦਾ ਮੁੱਖ ਕਾਰਨ ਹੈ। ਜੇਕਰ ਸਮੇਂ ਸਿਰ ਪਤਾ ਲੱਗੇ ਤਾਂ ਗਲੋਕੋਮਾ ਦਾ ਇਲਾਜ ਸਫਲ ਤਰੀਕੇ ਨਾਲ ਹੋ ਸਕਦਾ ਹੈ। ਉਹਨਾਂ ਕਿਹਾ ਕਿ ਚਿੱਟੇ ਮੋਤੀਏ ਦਾ ਵੀ ਸਮੇਂ ਸਿਰ ਅਪਰੇਸ਼ਨ ਕਰਵਾ ਲੈਣਾ ਚਾਹੀਦਾ ਹੈ। ਨੀਮ ਹਕੀਮਾਂ ਤੋਂ ਕਦੇ ਵੀ ਦਵਾਈ ਲੈ ਕੇ ਅੱਖਾਂ ਵਿੱਚ ਨਹੀਂ ਪਾਉਣੀ ਚਾਹੀਦੀ। ਉਹਨਾਂ ਗਲੋਕੋਮਾ ਦੇ ਲੱਛਣਾਂ ਬਾਰੇ ਵੀ ਦੱਸਿਆ।

ਜੇਕਰ ਸਾਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ, ਰੌਸ਼ਨੀ ਦੇ ਦੁਆਲੇ ਰੰਗਦਾਰ ਚੱਕਰ ਅਤੇ ਅੱਖਾਂ ਦੇ ਵਿੱਚ ਲਾਲੀ ਦੇ ਨਾਲ-ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਆਦਿ ਨਿਸ਼ਾਨੀਆਂ ਹੋਣ ਤਾਂ ਸਾਨੂੰ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਗਲੋਕੋਮਾ ਨਾਲ ਪੀੜਿਤ ਹੋਵੇ, ਜੇਕਰ ਸ਼ੂਗਰ ਦੀ ਸ਼ਿਕਾਇਤ ਹੋਵੇ, ਹਾਈ ਬਲੱਡ ਪ੍ਰੈੱਸ਼ਰ, ਜੇਕਰ ਦਮਾ ਐਲਰਜ਼ੀ ਚਮੜੀ ਰੋਗਾਂ ਲਈ ਸਟੀਰਾਇਡ ਦੀ ਵਰਤੋਂ ਕਰਦੇ ਹਾਂ ਤਾਂ ਤੁਸੀਂ ਗਲੋਕੋਮਾ ਤੋਂ ਪ੍ਰਭਾਵਿਤ ਹੋ ਸਕਦੇ ਹੋ। ਓਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਛੇ ਮਹੀਨੇ ਬਾਅਦ ਆਪਣੀਆਂ ਅੱਖਾਂ ਦਾ ਚੈਕਅੱਪ ਕਰਾਉਂਦੇ ਰਹਿਣਾ ਚਾਹੀਦਾ ਹੈ। ਜ਼ਿਆਦਾ ਧੁੱਪ ਵਿੱਚ ਅੱਖਾਂ ਦੀਆਂ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਖਾਂ ਦੀ ਸੰਭਾਲ ਲਈ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਅੰਨੇਪਣ ਤੋਂ ਬਚਿਆ ਜਾ ਸਕੇ ।

Author: Malout Live

Back to top button