District NewsMalout News

ਸਾਬਕਾ ਸੈਨਿਕ ਭਲਾਈ ਵਿੰਗ (ਰਜਿ:) ਬਲਾਕ ਮਲੋਟ ਵੱਲੋਂ ਮੰਗਾਂ ਦੇ ਹੱਲ ਲਈ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੈਮੋਰੰਡਮ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਾਬਕਾ ਸੈਨਿਕ ਭਲਾਈ ਵਿੰਗ (ਰਜਿ:) ਬਲਾਕ ਮਲੋਟ ਵੱਲੋਂ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਦੇ ਨਾਮ ਸਾਬਕਾ ਸੈਨਿਕਾਂ ਦੀਆਂ ਮੰਗਾਂ ਦੇ ਹੱਲ ਲਈ ਨਾਇਬ ਤਹਿਸੀਲਦਾਰ ਮੈਡਮ ਜਸਵਿੰਦਰ ਕੌਰ ਨੂੰ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਉਹਨਾਂ ਲਿਖਿਆ ਕਿ ਦੇਸ਼ ਦੀ ਰੱਖਿਆ ਲਈ ਸਮਰਪਿਤ ਲੱਖਾਂ ਸਾਬਕਾ ਸੈਨਿਕ, ਯੋਧੇ ਅਤੇ ਅਪੰਗ ਸਾਬਕਾ ਸੈਨਿਕ ਆਪਣੀਆਂ ਹੱਕੀ ਮੰਗਾਂ ਦੇ ਹੱਲ ਲਈ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ। 3 ਅਪ੍ਰੈਲ 2023 ਨੂੰ ਜ਼ਿਲ੍ਹਾ ਮੈਜਿਸਟਰੇਟਾਂ ਰਾਹੀਂ ਅਤੇ 30 ਅਪ੍ਰੈਲ 2023 ਨੂੰ ਮਾਨਯੋਗ ਸੰਸਦ ਮੈਂਬਰਾਂ ਰਾਹੀਂ ਦੇਸ਼ ਦੇ ਕੋਨੇ-ਕੋਨੇ ਤੋਂ ਆਪਣੀਆਂ ਵੱਖ-ਵੱਖ ਮੰਗਾਂ ਦਾ ਮੈਮੋਰੰਡਮ ਤੁਹਾਨੂੰ ਭੇਜਿਆ ਹੈ।

20 ਫਰਵਰੀ, 2023 ਤੋਂ ਸਾਬਕਾ ਸੈਨਿਕ ਅਤੇ ਜੰਗੀ ਵਿਧਵਾਵਾਂ ਆਪਣੀਆਂ ਜਾਇਜ਼ ਮੰਗਾਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੀਆਂ ਹਨ। ਧਰਨੇ ਦੇ 100 ਦਿਨ ਪੂਰੇ ਹੋ ਗਏ ਹਨ, ਪਰ ਕੋਈ ਸਾਰ ਨਹੀਂ ਲਈ ਜਾ ਰਹੀ। ਸਾਬਕਾ ਸੈਨਿਕਾਂ ਦੇ ਵੱਡੇ ਵਰਗ ਜੋ ਕਿ 97% ਹਨ, ਬਾਰੇ ਸਹੀ ਤੱਥ ਪੇਸ਼ ਨਾ ਕੀਤੇ ਜਾਣ ਕਾਰਨ ਇਤਿਹਾਸਕ ਵਿਤਕਰਾ ਅਤੇ ਬੇਇਨਸਾਫੀ ਵਾਲੇ ਫੈਸਲੇ ਹੋਏ ਹਨ। ਜਿਸ ਕਾਰਨ ਸਾਬਕਾ ਸੈਨਿਕਾਂ ਦਾ ਇਹ ਵਰਗ ਬੁਰੀ ਤਰ੍ਹਾਂ ਠੱਗਿਆ ਮਹਿਸੂਸ ਕਰ ਰਿਹਾ ਹੈ। ਉਹਨਾਂ ਬੇਨਤੀ ਕੀਤੀ ਕਿ ਸਾਡੀ ਸੰਸਥਾ “ਫੈਡਰੇਸ਼ਨ ਆਫ ਵੈਟਰਨਜ਼” ਨਾਲ ਗੱਲਬਾਤ ਕਰੋ। ਲੱਖਾਂ ਪ੍ਰਦਰਸ਼ਨਕਾਰੀ ਸਾਬਕਾ ਸੈਨਿਕਾਂ ਅਤੇ ਜੰਗੀ ਵਿਧਵਾਵਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ।

Author: Malout Live

Back to top button