District NewsMalout News

ਮੈਪ ਮਾਈ ਇੰਡੀਆ ਸਵਦੇਸ਼ੀ ਮੈਪਪਲਜ਼ ਟੀਮ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਲਈ ਕਰਵਾਇਆ ਗਿਆ ਸਿਖਲਾਈ ਪ੍ਰੋਗਰਾਮ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਜ਼ਿਲ੍ਹੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਨੂੰ ਡਿਊਟੀ ਪ੍ਰਤੀ ਸਮੇਂ-ਸਮੇਂ ਸਿਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਨਾਲ ਹੀ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਐਡਵਾਂਸ ਟੈਕਨਾਲੋਜੀ ਬਾਰੇ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਸ਼੍ਰੀ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ ਦੀ ਨਿਗਰਾਨੀ ਹੇਠ ਮੈਪ ਮਾਈ ਇੰਡੀਆ ਸਵਦੇਸੀ ਮੈਪਪਲਜ਼ ਟੀਮ ਦੇ ਅਨਿਲ ਸ਼ਰਮਾ ਅਤੇ ਵਿਕਰਮ ਰਾਣਾ ਮੈਂਬਰਾਂ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਬਹੁਤ ਹੀ ਬਰੀਕੀ ਨਾਲ ਮੈਪ ਮਾਈ ਇੰਡੀਆ ਮੈਪਪਲਜ਼ ਐਪ ਦੀ ਵਰਤੋ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਸਿਖਲਾਈ ਕੈਂਪ ਸੈਮੀਨਾਰ ਵਿੱਚ ਸ. ਰਵਿੰਦਰ ਸਿੰਘ ਡੀ.ਐੱਸ.ਪੀ (ਐੱਚ), ਐੱਸ.ਆਈ ਸੁਖਦੇਵ ਸਿੰਘ ਜ਼ਿਲ੍ਹਾ ਟਰੈਫਿਕ ਇੰਚਾਰਜ, ਏ.ਐੱਸ.ਆਈ ਹਰਜਿੰਦਰ ਸਿੰਘ ਇੰਚਾਰਜ ਐਮ.ਟੀ.ਓ, ਏ.ਐੱਸ.ਆਈ ਗੁਰਦੇਵ ਸਿੰਘ ਇੰਚਾਰਜ ਟਰੇਨਿੰਗ ਸਕੂਲ, ਏ.ਐੱਸ.ਆਈ ਹਰਿਮੰਦਰ ਸਿੰਘ ਇੰਚਾਰਜ ਅਵੇਅਰਨੈੱਸ ਟੀਮ, ਏ.ਐੱਸ.ਆਈ ਗੁਰਜੰਟ ਸਿੰਘ ਅਤੇ ਸਮੂਹ ਦਫਤਰੀ ਸਟਾਫ ਹਾਜ਼ਿਰ ਸਨ।

ਇਸ ਮੌਕੇ ਮੈਪ ਮਾਈ ਇੰਡੀਆ ਸਵਦੇਸੀ ਮੈਪਪਲਜ਼ ਟੀਮ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਦੇਸ਼ੀ ਮੈਪਪਲਜ਼ ਐਪ ਰਾਹੀਂ ਪੁਲਿਸ ਨੂੰ ਰਿਅਲ ਟਾਈਮ ਟ੍ਰੈਫ਼ਿਕ ਅਤੇ ਸੁਰੱਖਿਆ ਅਲਰਟ ਪ੍ਰਾਪਤ ਕਰਨ ਵਿੱਚ ਮੱਦਦ ਮਿਲੇਗੀ। ਉਹਨਾਂ ਕਿਹਾ ਕਿ ਟ੍ਰੈਫ਼ਿਕ ਦੇ ਪ੍ਰਵਾਹ ਵਿੱਚ ਸੁਧਾਰ ਹੋਵੇਗਾ ਅਤੇ ਉਪਭੋਗਤਾਵਾਂ ਨੂੰ ਮੌਜੂਦਾ ਸੜਕ ਦੀ ਗਤੀ ਸੀਮਾਵਾਂ, ਹਾਦਸਿਆਂ ਦੀ ਸੰਭਾਵਨਾ ਵਾਲੇ ਜੋਨਾਂ, ਤਿੱਖੇ ਮੋੜਾਂ, ਸਪੀਡ ਬਰੇਕਰਾਂ, ਟੋਏ ਆਦਿ ਬਾਰੇ ਸੁਚੇਤ ਕਰਕੇ ਹਾਦਸਿਆਂ ਨੂੰ ਘਟਾਇਆ ਜਾ ਸਕੇਗਾ। ਇਸ ਐਪ ਦੀ ਵਰਤੋਂ ਨਾਲ ਉਪਭੋਗਤਾਵਾਂ ਨੂੰ ਅਧਿਕਾਰਿਤ ਲਾਈਵ ਟ੍ਰੈਫ਼ਿਕ ਅਤੇ ਸੁਰੱਖਿਅਤ ਜਾਣਕਾਰੀ ਮਿਲੇਗੀ। ਇਸ ਐਪ ਰਾਹੀਂ ਉਪਭੋਗਤਾਵਾਂ ਨੂੰ ਬਿਹਤਰ ਸੁਰੱਖਿਆ ਨੈਵੀਗੇਸ਼ਨ ਮਿਲੇਗਾ ਆਦਿ ਬਾਰੇ ਦੱਸਿਆ ਗਿਆ। ਡੀ.ਐੱਸ.ਪੀ ਵੱਲੋਂ ਮੈਪ ਮਾਈ ਇੰਡੀਆ ਸਵਦੇਸ਼ੀ ਮੈਪਪਲਜ਼ ਟੀਮ ਦੁਆਰਾ ਦਿੱਤੀਆਂ ਗਈਆਂ ਸੇਵਾਵਾਂ ਅਤੇ ਜਾਣਕਾਰੀ ਦੇ ਲਈ ਧੰਨਵਾਦ ਕੀਤਾ ਗਿਆ।

Author: Malout Live

Back to top button