District NewsMalout News

ਸਿਹਤ ਵਿਭਾਗ ਵੱਲੋਂ ਪੋਲੀਓ ਦਾ ਤੀਜਾ ਟੀਕਾ 1 ਜਨਵਰੀ 2023 ਤੋਂ ਲੱਗਣਾ ਹੋਇਆ ਸ਼ੁਰੂ: ਡਾ. ਰੰਜੂ ਸਿੰਗਲਾ ਸਿਵਲ ਸਰਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਪੋਲੀਓ ਦੀ ਬਿਮਾਰੀ ਤੇ ਪ੍ਰਾਪਤ ਕੀਤੀ ਜਿੱਤ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਾਡਾ ਦੇਸ਼ ਜਨਵਰੀ 2011 ਤੋਂ ਪੋਲੀਓ ਮੁਕਤ ਹੈ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਦੇਸ਼ ਨੂੰ 2014 ਵਿੱਚ ਪੋਲੀਓ ਮੁਕਤ ਦੇਸ਼ ਘੋਸ਼ਿਤ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਸਾਡੇ ਗਵਾਂਢੀ ਦੇਸ਼ਾਂ ਵਿੱਚ ਪੋਲੀਓ ਦੇ ਕੇਸ ਰਿਪੋਰਟ ਹੋ ਰਹੇ ਹਨ, ਇਸ ਲਈ ਸਾਨੂੰ ਪੋਲੀਓ ਦੀ ਬਿਮਾਰੀ ਤੇ ਜਿੱਤ ਬਰਕਰਾਰ ਰੱਖਣ ਲਈ ਲਗਾਤਾਰ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਦੱਸਿਆ ਕਿ ਨਿਊਯਾਰਕ, ਇੰਡੋਨੇਸ਼ੀਆ ਅਤੇ ਲੰਡਨ ਵਰਗੇ ਵਿਕਸਤ ਮੁਲਕਾਂ ਵਿੱਚ ਵੀ ਪੋਲੀਓ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣਾ ਆਏ ਹਨ। ਇਸ ਖਤਰੇ ਨੂੰ ਦੇਖਦੇ ਹੋਏ ਰਾਸ਼ਟਰੀ ਪੋਲੀਓ ਖਾਤਮਾ ਸਰਟੀਫਿਕੇਸ਼ਨ ਕਮੇਟੀ ਅਤੇ ਭਾਰਤੀ ਮਾਹਿਰ ਸਲਾਹਕਾਰੀ ਗਰੁੱਪ ਵੱਲੋਂ ਜ਼ੋਰਦਾਰ ਢੰਗ ਨਾਲ ਭਾਰਤ ਵਿੱਚ ਟੀਕਾਕਰਨ ਸੂਚੀ ਵਿੱਚ ਪੋਲੀਓ ਟੀਕੇ ਦੀ ਤੀਜੀ ਖੁਰਾਕ ਸ਼ਾਮਿਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੋਲੀਓ ਟੀਕੇ ਦੀ ਤੀਜ਼ੀ ਡੋਜ਼ ਬੱਚੇ ਦੇ 9 ਮਹੀਨੇ ਪੂਰੇ ਹੋਣ ਤੋਂ ਬਾਅਦ ਮੀਜ਼ਲ ਰੁਬੇਲਾ ਦੀ ਡੋਜ਼ ਦੇ ਨਾਲ ਹੀ ਲੱਗੇਗੀ। ਸਿਹਤ ਵਿਭਾਗ ਵੱਲੋਂ ਪੋਲੀਓ ਦਾ ਤੀਜਾ ਟੀਕਾ 1 ਜਨਵਰੀ 2023 ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਸਾਲ ਦਾ ਪਹਿਲਾ ਬੁੱਧਵਾਰ 4 ਜਨਵਰੀ ਨੂੰ ਹੋਵੇਗਾ ਅਤੇ ਉਸ ਦਿਨ ਜਿਲ੍ਹੇ ਦੇ ਸਾਰੇ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਰੂਟੀਨ ਟੀਕਾਕਰਨ ਦੇ ਨਾਲ ਪੋਲੀਓ ਦਾ ਤੀਜਾ ਟੀਕਾ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਬੱਚੇ 9 ਮਹੀਨੇ ਦੀ ਉਮਰ ਪੂਰੀ ਕਰ ਗਏ ਹਨ ਉਹ ਆਪਣੇ ਬੱਚਿਆਂ ਦੇ ਮੀਜ਼ਲ ਰੁਬੇਲਾ ਦੇ ਟੀਕੇ ਦੇ ਨਾਲ ਇਹ ਪੋਲੀਓ ਦਾ ਤੀਜਾ ਟੀਕਾ ਵੀ ਜਰੂਰ ਲਗਵਾਉਣ। ਉਨ੍ਹਾਂ ਦੱਸਿਆ ਕਿ ਪੋਲੀਓ ਦਾ ਪਹਿਲਾ ਟੀਕਾ ਡੇਢ ਮਹੀਨੇ ਦੀ ਉਮਰ ਤੇ ਅਤੇ ਦੂਸਰਾ ਟੀਕਾ ਸਾਢੇ ਤਿੰਨ ਮਹੀਨੇ ਦੀ ਉਮਰ ਤੇ ਪਹਿਲਾਂ ਹੀ ਲਗਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਪ੍ਰਭਜੀਤ ਸਹਾਇਕ ਸਿਵਲ ਸਰਜਨ, ਡਾ. ਬੰਦਨਾ ਬਾਂਸਲ ਡੀ.ਐੱਮ.ਸੀ., ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਹਾਜ਼ਿਰ ਸਨ।

Author: Malout Live

Back to top button