District News

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਦੀ ਨਸ਼ਿਆਂ ਵਿਰੁੱਧ ਮੁਹਿੰਮ, 6 ਮਹੀਨੇ ਵਿਚ ਕਾਬੂ ਕੀਤੇ 233 ਦੋਸ਼ੀ

ਸ੍ਰੀ ਮੁਕਤਸਰ ਸਾਹਿਬ (9 ਜੁਲਾਈ):-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਆਰੰਭ ਕੀਤੀ ਮੁਹਿੰਮ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਚਾਲੂ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਨਸ਼ਿਆਂ ਦੀ ਤਸਕਰੀ ਦੇ 233 ਦੋਸ਼ੀਆਂ ਨੂੰ ਕਾਬੂ ਕਰਕੇ ਕੁੱਲ 162 ਮਾਮਲੇ ਦਰਜ ਕੀਤੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ ਨੇ ਦਿੱਤੀ ਹੈ।ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1 ਜਨਵਰੀ ਤੋਂ 7 ਜੁਲਾਈ 2019 ਤੱਕ 33.945 ਕਿਲੋ ਅਫੀਮ, 281.800 ਕਿਲੋ ਪੋਸਤ, 79785 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 1.082 ਕਿਲੋ ਹੈਰੋਇਨ, 81 ਸ਼ੀਸੀਆਂ ਅਤੇ 230 ਕਿਲੋ ਪੋਸਤ ਦੇ ਪੌਦੇ ਬਰਾਮਦ ਕੀਤੇ ਹਨ। ਜ਼ਿਲ੍ਹਾ ਪੁਲਿਸ ਵੱਲੋਂ ਇਸ ਸਮੇਂ ਦੌਰਾਨ 25,16,340 ਰੁਪਏ ਦੀ ਡਰੱਗ ਮਨੀ ਵੀ ਦੋਸ਼ੀਆਂ ਤੋਂ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਵੱਲੋਂ ਜਿੱਥੇ ਇਕ ਪਾਸੇ ਨਸ਼ੇ ਦੇ ਤਸਕਰਾਂ ਖਿਲਾਫ ਮੁਹਿੰਮ ਆਰੰਭ ਕੀਤੀ ਹੋਈ ਹੈ ਉਥੇ ਹੀ ਨੌਜਵਾਨਾਂ ਨੂੰ ਨਸ਼ੇ ਦੇ ਚੁੰਗਲ ਵਿਚੋਂ ਕੱਢਣ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਇਸ ਲਈ ਪੁਲਿਸ ਵੱਲੋਂ ਜ਼ਿਲ੍ਹੇ ਦੇ ਸਾਰੇ 10 ਪੁਲਿਸ ਥਾਣਿਆਂ ਦੇ ਖੇਤਰ ਵਿਚ ਲਗਾਤਾਰ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕੀਤਾ ਜਾ ਰਿਹਾ ਹੈ। ਇੰਨ੍ਹਾਂ ਕੈਂਪਾਂ ਵਿਚ ਦਿੱਤੀ ਜਾ ਰਹੀ ਪ੍ਰੇਰਣਾ ਨਾਲ ਜਿੱਥੇ ਨਸ਼ੇ ਤੋਂ ਪੀੜਤ ਲੋਕ ਨਸ਼ਾ ਛੱਡਣ ਲਈ ਅੱਗੇ ਆ ਰਹੇ ਹਨ ਉਥੇ ਹੀ ਨਸ਼ੇ ਵੇਚਣ ਵਾਲਿਆਂ ਖਿਲਾਫ ਸੂਚਨਾ ਵੀ ਮੁਹਈਆ ਕਰਵਾ ਰਹੇ ਹਨ। ਲੋਕਾਂ ਤੋਂ ਪ੍ਰਾਪਤ ਸੂਚਨਾ ਨਾਲ ਪੁਲਿਸ ਨੂੰ ਵੀ ਨਸ਼ਿਆਂ ਦੇ ਤਸਕਰਾਂ ਖਿਲਾਫ ਕਾਰਵਾਈ ਕਰਨ ਵਿਚ ਸੌਖ ਹੋ ਰਹੀ ਹੈ।

Leave a Reply

Your email address will not be published. Required fields are marked *

Back to top button