District NewsMalout News

ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਵਿਸ਼ਵ ਥੈਲਾਸੀਮੀਆ ਦਿਵਸ ਤੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਵਿਸ਼ਵ ਥੈਲਾਸੀਮੀਆ ਦਿਵਸ ਤੇ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਜੋ ਥੈਲਾਸੀਮੀਆ ਪੀੜਿਤ ਲੋਕਾਂ ਨੂੰ ਖੂਨ ਦੇ ਕੇ ਤੰਦਰੁਸਤ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਥੈਲਾਸੀਮੀਆ (ਖੂਨ ਨਾ ਬਣਨਾ) ਇਕ ਜਮਾਂਦਰੂੰ ਬਿਮਾਰੀ ਹੈ, ਜਿਸ ਨਾਲ ਨਵ-ਜਨਮੇਂ ਬੱਚੇ ਵਿੱਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਬੱਚੇ ਨੂੰ ਹਰ 20 ਜਾਂ 30 ਦਿਨਾਂ ਬਾਅਦ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ। ਹਰ ਵਾਰ ਹਸਪਤਾਲ ਜਾਣਾ, ਖੂਨ ਚੜ੍ਹਾਉਣਾ ਕਿਸੇ ਵੀ ਬੱਚੇ, ਉਸਦੇ ਮਾਤਾ ਪਿਤਾ ਤੇ ਸਮੂਹ ਪਰਿਵਾਰ ਲਈ ਇਕ ਦੁਖਦਾਈ ਸੰਤਾਪ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਯਤਨਾ ਸਦਕਾ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਥੈਲਾਸੀਮੀਆ ਪੀੜਿਤ ਵਿਅਕਤੀਆਂ ਨੂੰ ਮੁਫਤ ਖੂਨ ਚੜ੍ਹਾਉਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਭਾਰਤ ਦੇਸ਼ ਵਿੱਚ 4 ਕਰੋੜ ਤੋਂ ਵੱਧ ਔਰਤ ਮਰਦ ਹਨ ਜੋ ਕੇ ਦੇਖਣ ਵਿੱਚ ਬਿਲਕੁੱਲ ਤੰਦਰੁਸਤ ਹਨ, ਪਰ ਮਾਈਨਰ ਥੈਲਾਸੀਮੀਕ ਜੀਣ ਕੈਰੀਅਰ(ਵਾਹਕ) ਹੁੰਦੇ ਹਨ ਅਤੇ 10 ਤੋਂ 20 ਹਜਾਰ ਮੇਜਰ ਥੈਲਾਸੀਮੀਕ ਰੋਗੀ ਹਰ ਸਾਲ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਾਣਕਾਰੀ ਤੇ ਜਾਗਰੂਕਤਾ ਰਾਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਨੌਜਵਾਨ ਵਰਗ ਨੂੰ ਇਸ ਬਿਮਾਰੀ ਸੰਬੰਧੀ ਜਾਗਰੂਕ ਹੋਣ ਦੀ ਪ੍ਰਮੁੱਖ ਲੋੜ ਹੈ ਕਿਉਂਕਿ ਜੇਕਰ ਅਸੀਂ ਵਿਆਹ ਤੋਂ ਪਹਿਲਾਂ ਜਨਮ ਕੁੰਡਲੀਆਂ ਮਿਲਾਉਣ ਦੀ ਥਾਂ ਆਪਣੀਆਂ ਖੂਨ ਦੀਆ ਰਿਪੋਰਟਾਂ ਨੂੰ ਮਿਲਾਈਏ ਤਾਂ ਮੇਜਰ ਥੈਲਾਸੀਮੀਕ ਜਿਹੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਥੈਲਾਸੀਮੀਕ ਮਾਈਨਰ ਕੋਈ ਵੀ ਹੋ ਸਕਦਾ ਹੈ। ਜਦੋਂ ਦੋ ਮਾਇਨਰ ਥੈਲੇਸੀਮੀਕ ਦਾ ਵਿਆਹ ਹੁੰਦਾ ਹੈ ਤਾਂ ਉਨ੍ਹਾਂ ਦਾ ਪੈਦਾ ਹੋਣ ਵਾਲਾ ਬੱਚਾ ਮੇਜਰ ਥੈਲੇਸੀਮੀਕ ਹੋ ਸਕਦਾ ਹੈ। ਇਸ ਲਈ ਸੁਚੇਤ ਰਹਿਣਾ ਬਹੁਤ ਜਰੂਰੀ ਹੈ। ਇਸ ਮੌਕੇ ਡਾ. ਭੁਪਿੰਦਰਜੀਤ ਕੌਰ SMO ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਥੈਲਾਸੀਮੀਆ ਪੀੜਿਤ ਮਰੀਜਾਂ ਦੇ ਪੂਰੀ ਤਰ੍ਹਾਂ ਟੈਸਟ ਕੀਤਾ ਅਤੇ ਸੁਰੱਖਿਅਤ ਬਲੱਡ ਲਿਊਕੋ ਫਿਲਟਰ ਪੈਕ ਦਾ ਇਸਤਮਾਲ ਕਰਕੇ ਮੁਫਤ ਲਗਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਂਦੀ। ਉਨ੍ਹਾਂ ਦੱਸਿਆ ਕਿ ਬਲੱਡ ਬੈਂਕ ਇੰਚਾਰਜ ਡਾ. ਅਮਨਿੰਦਰ ਸਿੰਘ ਐੱਮ.ਡੀ. ਪਥਾਲੋਜਿਸਟ ਅਤੇ ਬੱਚਿਆਂ ਦੇ ਮਾਹਿਰ ਡਾ. ਪਰਮਦੀਪ ਸਿੰਘ ਸੰਧੂ ਵੱਲੋਂ ਥੈਲਾਸੀਮੀਆ ਪੀੜਿਤ ਮਰੀਜਾਂ ਦੇ ਖੂਨ ਲਗਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ। ਇਸ ਬਿਮਾਰੀ ਤੋਂ ਪੀੜਿਤ ਬੱਚਿਆਂ ਵਿਚ ਖੂਨ ਬਣਨ ਦੀ ਕੁਦਰਤੀ ਪ੍ਰਕਿਰਿਆ ਬਹੁਤ ਘੱਟ ਜਾਂਦੀ ਹੈ, ਸਰੀਰ ਵਿੱਚ ਖੂਨ ਦੀ ਕਮੀ ਕਾਰਨ ਕਮਜ਼ੋਰੀ, ਤੇ ਹੋਰ ਬਿਮਾਰੀਆ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਤੇ ਰੋਗੀ ਨੂੰ ਵਾਰ-ਵਾਰ ਖੂਨ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ।

Author: Malout Live

Back to top button