District NewsMalout News

ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਅਧੀਨ ਸਕੂਲ ਬੱਸਾਂ/ਵੈਨਾਂ ਦੀ ਕੀਤੀ ਗਈ ਚੈਕਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਵੱਲੋਂ ਹੋਏ ਹੁਕਮਾਂ ਦੀ ਪਾਲਣਾ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਬਲਜੀਤ ਕੌਰ ਪੀ.ਸੀ.ਐੱਸ. ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਬ-ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਕੂਲ ਬੱਸਾਂ/ਵੈਨਾਂ ਦੀ ਚੈਕਿੰਗ ਲਈ ਸ੍ਰੀ ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਕਮੇਟੀ ਵੱਲੋਂ ਬੀਤੇ ਦਿਨ ਸਕੂਲ ਬੱਸਾਂ/ਵੈਨਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਕਰੀਬ 14 ਵਾਹਨਾਂ ਦੇ ਮੌਕੇ ਤੇ ਚਲਾਨ ਕੀਤੇ ਗਏ। ਉਕਤ ਚੈਕਿੰਗ ਦੌਰਾਨ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਸਕੂਲ ਬੱਸਾਂ/ਵੈਨਾਂ ਵਿੱਚ ਲੜਕੀਆਂ ਹੋਣ ਦੇ ਬਾਵਜੂਦ ਲੇਡੀ ਅਟੈਂਡੈਂਟ ਨਹੀਂ ਸੀ, ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਜਿਹੜੀ ਬੱਸ ਦੇ ਡਰਾਇਵਰ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ ਜਾਂ ਜੇ ਸਰਕਾਰੀ ਨੰਬਰ ਪਲੇਟਾਂ ਤੋਂ ਬਿਨ੍ਹਾਂ ਆਪਣੇ ਵਾਹਨ ਚਲਾ ਰਹੇ ਸੀ ਦੇ ਮੌਕੇ ਤੇ ਚਲਾਨ ਕੀਤੇ ਗਏ। ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਨੇ ਸਕੂਲ ਪ੍ਰਬੰਧਕਾਂ ਅਤੇ ਬੱਸ ਚਾਲਕਾਂ ਨੂੰ ਅੱਗੇ ਤੋਂ ਸੇਫ ਸਕੂਲ ਵਾਹਨ ਸਕੀਮ ਦੇ ਮਾਪਦੰਡਾਂ ਨੂੰ ਪੂਰਾ ਕਰਨ ਉਪਰੰਤ ਹੀ ਬੱਸ ਚਲਾਉਣ ਦੀ ਅਪੀਲ ਕੀਤੀ ਗਈ। ਬੱਚਿਆਂ ਦੇ ਮਾਪਿਆਂ ਨੂੰ ਦੀ ਅਪੀਲ ਕੀਤੀ ਗਈ ਕਿ ਸਕੂਲ ਬੱਸ ਜਾਂ ਹੋਰ ਵਹੀਕਲ ਵਿੱਚ ਬੱਚਿਆਂ ਨੂੰ ਬਿਠਾਉਣ ਤੋਂ ਪਹਿਲਾਂ ਨਿੱਜੀ ਤੌਰ ਤੇ ਤਸੱਲੀ ਕਰਕੇ ਯਕੀਨੀ ਬਣਾਉਣ ਕਿ ਉਹ ਵਹੀਕਲ ਚੱਲਣ ਦੇ ਯੋਗ ਹਾਲਤ ਵਿੱਚ ਹੈ।

ਇਸ ਲਈ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਦੀਆਂ ਬੱਸਾਂ/ਵੈਨਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਅਤੇ ਸਪੀਡ ਗਵਰਨਰ ਲੱਗਿਆ ਹੋਣਾ ਬਹੁਤ ਜ਼ਰੂਰੀ ਹੈ। ਸਕੂਲ ਬੱਸਾਂ/ਵੈਨਾਂ ਤੇ ਗੋਲਡਨ ਪੀਲਾ ਰੰਗ ਕੀਤਾ ਹੋਣਾ ਲਾਜ਼ਮੀ ਹੈ। ਸਕੂਲ ਬੱਸਾਂ /ਵੈਨਾਂ ਉੱਪਰ ਸਕੂਲ ਦਾ ਨਾਮ ਅਤੇ ਡਰਾਇਵਰ ਦਾ ਮੋਬਾਇਲ ਨੰਬਰ ਲਿਖਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੜਕ ਦੁਰਘਟਨਾਵਾਂ ਤੋਂ ਬਚਣ ਲਈ ਸਕੂਲ ਬੱਸਾਂ/ਵੈਨਾਂ ਵਿੱਚ ਅੱਗ ਬੁਝਾਊ ਯੰਤਰ, ਮੁੱਢਲੀ ਮੈਡੀਕਲ ਸਹਾਇਤਾ ਕਿੱਟ, ਵਿੰਡੋ ਗਰਿੱਲ, ਜਰੂਰੀ ਦਵਾਈਆਂ ਆਦਿ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਜੇਕਰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਿਸੇ ਵੀ ਲਾਪਰਵਾਹੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸ੍ਰੀ ਰਘਬੀਰ ਸਿੰਘ ਟ੍ਰੈਫਿਕ ਇੰਚਾਰਜ ਸ੍ਰੀ ਮੁਕਤਸਰ ਸਾਹਿਬ, ਸ੍ਰੀ ਸੌਰਵ ਚਾਵਲਾ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਸੰਦੀਪ ਕੁਮਾਰ ਦਫ਼ਤਰ ਜਨਰਲ ਮੈਨੇਜ਼ਰ ਪੰਜਾਬ ਰੋਡਵੇਜ਼ (ਟੈਕਨੀਕਲ ਵਿੰਗ) ਸ੍ਰੀ ਮੁਕਤਸਰ ਸਾਹਿਬ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਸੁਖਮਿੰਦਰ ਸਿੰਘ ਦਫਤਰ ਉੱਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ, ਸ੍ਰੀ ਹਰਬੰਸ ਸਿੰਘ ਰੀਡਰ ਟੂ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਅਤੇ ਸੰਬੰਧਿਤ ਪ੍ਰਾਈਵੇਟ ਸਕੂਲਾਂ ਦੇ ਮੁੱਖੀ ਹਾਜ਼ਿਰ ਸਨ।

Author : Malout Live

Back to top button