District NewsMalout News

ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਅਤੇ ਐੱਸ.ਐੱਸ.ਪੀ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਕੀਤੀ ਗਈ ਚੈਕਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈ.ਏ.ਐੱਸ ਅਤੇ ਸ੍ਰੀ ਭਾਗੀਰਥ ਮੀਨਾ ਆਈ.ਪੀ.ਐੱਸ (ਐੱਸ.ਐੱਸ.ਪੀ) ਸ੍ਰੀ ਮੁਕਤਸਰ ਸਾਹਿਬ ਨੇ ਮਲੋਟ ਵਿਖੇ ਲੋਕ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਦੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਨੇ ਈ.ਵੀ.ਐਮ ਮਸ਼ੀਨਾਂ ਅਤੇ ਵੀ.ਵੀ.ਪੈਟ ਮਸ਼ੀਨਾਂ ਦੇ ਬਣਾਏ ਗਏ ਸਟਰੋਂਗ ਰੂਮ ਦਾ ਵੀ ਜਾਇਜ਼ਾ ਲਿਆ। ਜਿਕਰਯੋਗ ਹੈ ਕਿ ਰੈੱਡੇਮਾਈਜੇਸ਼ਨ ਤੋਂ ਬਾਅਦ ਮਸ਼ੀਨਾਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਕੋਲ ਭੇਜ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਸਟਰੋਗ ਰੂਮ ਅਤੇ ਗਿਣਤੀ ਕੇਂਦਰਾਂ ਤੇ ਬਹੁਪਰਤੀ ਸੁਰੱਖਿਆ ਹੋਵੇਗੀ ਅਤੇ ਸੀ.ਸੀ.ਟੀ.ਵੀ ਕੈਮਰਿਆਂ ਨਾਲ ਇਸ ਦੀ ਨਿਗਰਾਨੀ ਕੀਤੀ ਜਾਵੇਗੀ।

ਇਸ ਤੋਂ ਬਿਨ੍ਹਾਂ ਉਹਨਾਂ ਨੇ ਦੂਸਰੇ ਵਿਧਾਨ ਸਭਾ ਹਲਕਿਆਂ ਲੰਬੀ, ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਟਰਾਂਗ ਰੂਮ ਦਾ ਵੀ ਨਿਰੀਖਣ ਕੀਤਾ ਅਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਦੇ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਐੱਸ.ਡੀ.ਐਮ ਮਲੋਟ ਸ੍ਰੀ ਸੰਜੀਵ ਕੁਮਾਰ, ਸ੍ਰੀ ਪਵਨਜੀਤ ਡੀ.ਐੱਸ.ਪੀ ਮਲੋਟ ਵੀ ਹਾਜ਼ਿਰ ਸਨ। ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਮਲੋਟ ਵਿਖੇ ਹੋਵੇਗੀ, ਜਦ ਕਿ ਲੰਬੀ ਵਿਧਾਨ ਸਭਾ ਹਲਕਾ ਜੋ ਕਿ ਲੋਕ ਸਭਾ ਹਲਕਾ ਬਠਿੰਡਾ ਦਾ ਭਾਗ ਹੈ, ਦੀ ਗਿਣਤੀ ਬਠਿੰਡਾ ਵਿਖੇ ਅਤੇ ਗਿੱਦੜਬਾਹਾ ਵਿਧਾਨ ਸਭਾ ਹਲਕਾ ਜੋ ਕਿ ਲੋਕ ਸਭਾ ਹਲਕਾ ਫਰੀਦਕੋਟ ਦਾ ਭਾਗ ਹੈ, ਦੀ ਗਿਣਤੀ ਫਰੀਦਕੋਟ ਵਿਖੇ ਹੋਵੇਗੀ।

Author : Malout Live

Back to top button