District NewsMalout News

ਹਲਕਾ ਵਿਧਾਇਕ ਕਾਕਾ ਬਰਾੜ ਨੇ ਨਗਰ ਕੌਂਸਲ ਦੀਆਂ ਸਾਫ-ਸਫਾਈ ਵਾਲੀਆਂ ਗੱਡੀਆਂ (ਟਿੱਪਰ ਗੱਡੀ) ਅਤੇ ਸੈਕਸ਼ਨ ਕਮ ਜੈਟਿੰਗ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ. ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ਼੍ਰੀ ਮੁਕਤਸਰ ਸਾਹਿਬ ਨੇ ਅੱਜ ਨਗਰ ਕੌਂਸਲ ਵਿਖੇ ਸਾਫ-ਸਫਾਈ ਵਾਲੀਆਂ ਟਿੱਪਰ ਗੱਡੀਆਂ ਅਤੇ ਸੀਵਰੇਜ਼ ਦੀ ਸਫਾਈ ਲਈ ਸੈਕਸ਼ਨ ਕਮ ਜੈਟਿੰਗ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੀ ਸਾਫ-ਸਫਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਸਾਫ-ਸੁਥਰਾ ਵਾਤਾਵਰਨ ਮੁਹੱਈਆ ਹੋ ਸਕੇ ਅਤੇ ਲੋਕ ਬਿਮਾਰੀਆਂ ਤੋਂ ਬਚ ਸਕਣ। ਉਹਨਾ ਦੱਸਿਆ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਮੰਤਵ ਨਾਲ ਇਹ ਟਿੱਪਰ ਗੱਡੀਆਂ ਸ਼ਹਿਰ ਦੇ ਹਰ ਮੁਹੱਲੇ, ਗਲੀਆਂ, ਕਸਬਿਆਂ ‘ਚ ਜਾ ਕੇ ਕੂੜਾ ਇਕੱਠਾ ਕਰਨਗੀਆਂ। ਉਹਨਾਂ ਦੱਸਿਆ ਕਿ ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ ਇਹ ਸੈਕਸ਼ਨ ਕਮ ਜੈਟਿੰਗ ਮਸ਼ੀਨ ਸ਼ਹਿਰ ਵਾਸੀ ਲਈ ਵਰਦਾਨ ਸਾਬਿਤ ਹੋਵੇਗੀ ਅਤੇ ਇਸ ਮਸ਼ੀਨ ਤੇ 58 ਲੱਖ ਰੁਪਏ ਸਰਕਾਰ ਵੱਲੋਂ ਖਰਚ ਕੀਤੇ ਗਏ ਹਨ ਅਤੇ 2 ਸਾਫ਼-ਸਫ਼ਾਈ (ਟੀਪਰ ਗੱਡੀ) ਗੱਡੀਆਂ ਤੇ 15 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ

ਜਲਦੀ 33 ਹੋਰ ਟਿੱਪਰਾਂ ਦੀ ਆਉਣ ਦੀ ਉਮੀਦ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਪ੍ਰਸ਼ਾਸ਼ਨ ਦਾ ਸਾਥ ਦੇਣ ਅਤੇ ਆਪਣੇ ਘਰ ਦਾ ਕੂੜਾ ਕਰਕਟ ਇੱਧਰ-ਉੱਧਰ ਸੁੱਟਣ ਦੀ ਬਜਾਏ ਇਹਨਾਂ ਟਿੱਪਰ ਗੱਡੀਆਂ ਵਿੱਚ ਪਾਉਣ। ਕਾਕਾ ਬਰਾੜ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਗੱਡੀਆਂ ਦੇ ਰੱਖ-ਰਖਾਵ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਬਿਨ੍ਹਾਂ ਕਿਸੇ ਪੱਖਪਾਤ ਤੋਂ ਸ਼ਹਿਰ ਵਾਸੀਆਂ ਦੀ ਸਹਾਇਤਾ ਲਈ ਵਰਤੀਆਂ ਜਾਣ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਫ-ਸਫਾਈ ਲਈ ਹੋਰ ਵੀ ਉਪਕਰਨ ਮੁਹੱਈਆ ਕਰਵਾਏ ਜਾਣਗੇ। ਉਹਨਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਸ਼ਹਿਰ ਦੀ ਸਾਫ-ਸਫਾਈ ਲਈ ਇਹ ਗੱਡੀਆਂ ਮੁਹੱਈਆ ਕਰਵਾਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਸਮੂਹ ਕੌਂਸਲਰ, ਰਜਨੀਸ਼ ਗਿਰਧਰ ਕਾਰਜ ਸਾਧਕ ਅਫਸਰ ਸ਼੍ਰੀ ਮੁਕਤਸਰ ਸਾਹਿਬ ਮੌਜੂਦ ਸਨ।

Author: Malout Live

Back to top button