Punjab

ਕੈਪਟਨ ਵੱਲੋਂ ਬਰਮਾ ਮੁਹਿੰਮ ਦੀਆਂ ਯੂਨਿਟਾਂ ਤੇ ਵਿਕਟੋਰੀਆ ਕਰਾਸ ਜੇਤੂਆਂ ਦੇ ਵਾਰਸਾਂ ਦਾ ਸਨਮਾਨ

ਚੰਡੀਗੜ੍ਹ : ਤਿੰਨ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ (ਐਮ. ਐਲ. ਐਫ.) ਦੀ ਸਮਾਪਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਮਾ ਮੁਹਿੰਮ ਦੇ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਸੈਨਿਕਾਂ ਦੇ ਵਾਰਸਾਂ ਅਤੇ ਯੂਨਿਟਾਂ ਦਾ ਸਨਮਾਨ ਕੀਤਾ ਅਤੇ ਬਰਤਾਨਵੀ ਸਾਮਰਾਜ ਅਧੀਨ 1944 ਤੱਕ ਲੜੀਆਂ ਗਈਆਂ ਲੜਾਈਆਂ ‘ਚ ਉਨ੍ਹਾਂ ਵੱਲੋਂ ਦਿਖਾਈ ਬਹਾਦਰੀ ਨੂੰ ਯਾਦ ਕੀਤਾ। ਬਰਮਾ ਮੁਹਿੰਮ ਦੀ 75ਵੀਂ ਵਰ੍ਹੇਗੰਢ ਯਾਦਗਾਰ ਮਨਾਉਣ ਵਾਲੇ ਐਮ. ਐਲ. ਐਫ. ਦੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਲੈਫਟੀਨੈਂਟ ਕਰਨਲ ਅਨੰਤ ਸਿੰਘ ਦੀ ਸਪੁੱਤਰੀ ਸੁਖਜਿੰਦਰ ਕੌਰ ਨੂੰ ਵੀ ਸਨਮਾਨਿਤ ਕੀਤਾ। ਲੈਫਟੀਨੈਂਟ ਕਰਨਲ ਅਨੰਤ ਸਿੰਘ ਨੇ ਸਾਲ 1965 ਦੇ ਅਪਰ੍ਰੇਸ਼ਨ ‘ਚ 4 ਸਿੱਖ ਬਟਾਲੀਅਨ ਦੀ ਕਮਾਂਡ ਬਹਾਦਰੀ ਨਾਲ ਕੀਤੀ ਜਿਸ ਸਦਕਾ ਬਰਕੀ ‘ਤੇ ਕਬਜ਼ਾ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਖੁਦ ਸਾਬਕਾ ਫੌਜੀ ਹੋਣ ਕਰਕੇ ਉਨ੍ਹਾਂ ਨੂੰ ਯੂਨਿਟਾਂ ਅਤੇ ਨਿਧੜਕ ਸੈਨਿਕਾਂ ਦੇ ਵਾਰਸਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਮਾਣ ਹੈ, ਜਿਨ੍ਹਾਂ ਨੇ ਬਰਮਾ ਮੁਹਿੰਮ ਦੌਰਾਨ ਦਲੇਰਾਨਾ ਲੜਾਈ ਲੜੀ ਅਤੇ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਭਾਰਤੀ ਸੈਨਿਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਇਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਪ੍ਰਤੀ ਦਿਖਾਏ ਸਤਿਕਾਰ ਲਈ ਐਮ.ਐਲ.ਐਫ. ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਮ.ਐਲ.ਐਫ. ਜਿਸ ਦੇ ਅਜੇ ਤਿੰਨ ਸਾਲਾਨਾ ਸਮਾਗਮ ਹੋਏ ਹਨ, ਨੌਜਵਾਨਾਂ ਨੂੰ ਰੱਖਿਆ ਸੈਨਾਵਾਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਦੇਸ਼ ਭਗਤੀ ਦੇ ਜਜ਼ਬੇ ਪ੍ਰਤੀ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਦੇ ਅਨੇਕਾਂ ਨੌਜਵਾਨਾਂ ਨੇ ਐਨ.ਡੀ.ਏ. ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਹੁਣ ਉਹ ਵਰਦੀ ਵਿੱਚ ਸੱਜ ਕੇ ਮੁਲਕ ਦੀ ਸੇਵਾ ਲਈ ਤਿਆਰ ਹਨ।
2/5 ਗੋਰਖਾ ਰਾਈਫਲ ਤੋਂ ਮੇਜਰ ਜੈਕਬ ਅਤੇ ਸੂਬੇਦਾਰ ਮੇਜਰ ਹਰਸ਼ਾ ਬਹਾਦਰ ਰਾਣਾ ਨੇ ਨਾਇਕ ਅਗਨ ਸਿੰਘ ਰਾਏ (1944), ਸੂਬੇਦਾਰ ਨੇਤਰਾ ਬਹਾਦੁਰ ਥਾਪਾ (1944) ਅਤੇ ਹਵਲਦਾਰ ਗਜੇ ਘਾਲੇ (1943) ਲਈ ਸਨਮਾਨ ਹਾਸਲ ਕੀਤਾ। 2 ਸਿੱਖ   ਦੇ ਮੇਜਰ ਭਟੇਂਡੂ ਠਾਕੁਰ ਨੇ 28 ਪੰਜਾਬੀਜ਼ ਦੇ ਵਿਕਟੋਰੀਆ ਕਰਾਸ ਜੇਤੂ ਸਿਪਾਹੀ ਈਸ਼ਰ ਸਿੰਘ (1921) ਜੋ ਬਾਅਦ ਵਿੱਚ 2 ਸਿੱਖ ਨਾਲ ਜੁੜ ਗਿਆ, ਲਈ ਸਨਮਾਨ ਹਾਸਲ ਕੀਤਾ। 4 ਮੈਕ ਦੇ ਕਰਨਲ ਨਵਦੀਪ ਹਰਨਲ ਨੇ 1/11 ਸਿੱਖ ਜੋ ਹੁਣ 4 ਮੈਕ ਹੋ ਗਈ,  ਦੇ ਵਿਕਟੋਰੀਆ ਕਰਾਸ ਜੇਤੂ ਨਾਇਕ ਨੰਦ ਸਿੰਘ (1944) ਲਈ ਸਨਮਾਨ ਹਾਸਲ ਕੀਤਾ ਜਦਕਿ ਆਰਟਿਲਰੀ ਰੈਜੀਮੈਂਟ ਦੇ ਮੇਜਰ ਮੁਕੇਸ਼ ਨੇ ਰਾਇਲ ਇੰਡੀਅਨ ਆਰਟੀਲਰੀ ਦੇ 30 ਮਾਊਂਟੇਨ ਰੈਜੀਮੈਂਟ ਦੇ ਹਵਲਦਾਰ ਉਮਰਾਓ ਸਿੰਘ  (1944) ਜੋ ਹੁਣ 22 ਫੀਲਡ ਰੈਜੀਮੈਂਟ ਹੈ, ਲਈ ਸਨਮਾਨ ਹਾਸਲ ਕੀਤਾ। ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤੇ ਹੋਰ ਸੈਨਿਕਾਂ ‘ਚ 3/2 ਜੀ.ਆਰ. (1945) ਦੇ ਰਾਈਫਲਮੈਨ ਤੁਲ ਬਹਾਦੁਰ ਪੁਨ ਅਤੇ ਰਾਈਫਲਮੈਨ ਭਾਨਭਗਤਾ ਗੁਰੁੰਗ, 1/7 ਜੀ.ਆਰ. (1944) ਦੇ ਰਾਈਫਲਮੈਨ ਗੰਜੂ ਲਾਮਾ, 4/8 ਜੀ.ਆਰ. (1945) ਦੇ ਰਾਈਫਲਮੈਨ ਲੱਛਿਮਣ ਘਾਲੇ, 7/16 ਪੰਜਾਬ (1945) ਦੇ ਲਾਂਸ ਨਾਇਕ ਸ਼ੇਰ ਸ਼ਾਹ, 2/1 ਪੰਜਾਬ (1944) ਦੇ ਸੂਬੇਦਾਰ ਰਾਮ ਸਰੂਪ ਸਿੰਘ, 7/10 ਬਲੂਚ (1945) ਦੇ ਨਾਇਕ ਫਜ਼ਲ ਦੀਨ, 14/13 ਐਫ.ਐਫ. ਰਾਈਫਲਜ਼ (1945) ਦੇ ਪਰਕਾਸ਼ ਸਿੰਘ ਚਿੱਬ, 5/8 (1943) ਦੇ ਹਵਲਦਾਰ ਪਰਕਾਸ਼ ਸਿੰਘ, 4/15 ਪੰਜਾਬ (1944) ਦੇ ਨਾਇਕ ਗਿਆਨ ਸਿੰਘ, 16/10 ਬਲੂਚ (1944) ਦੇ ਸਿਪਾਹੀ ਭੰਡਾਰੀ ਰਾਮ, 3 ਜੱਟ (1944) ਦੇ ਅਬਦੁਲ ਹਾਫਿਜ਼ ਅਤੇ ਪੰਜਾਬ (1945) ਦੇ ਲੈਫਟੀਨੈਂਟ ਕਰਮਜੀਤ ਸਿੰਘ ਜੱਜ ਸ਼ਾਮਲ ਹਨ।

Leave a Reply

Your email address will not be published. Required fields are marked *

Back to top button