District NewsMalout NewsPunjab

ਪੰਜਾਬ ਚੋਣਾਂ ਦੇ ਨਤੀਜਿਆਂ ਮਗਰੋਂ ਖੇਤੀ ਕਾਨੂੰਨਾਂ ਨੂੰ ਨਵਾਂ ਰੂਪ ਦੇ ਸਕਦੀ ਹੈ ਮੋਦੀ ਸਰਕਾਰ- ਸੁਨੀਲ ਜਾਖੜ

ਮਲੋਟ:- ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸੇ ਵਿਚਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਖ਼ਦਸ਼ਾ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੀ ਕਿਸਾਨੀ ’ਤੇ ਇੱਕ ਵਾਰ ਫਿਰ ਹੱਲਾ ਬੋਲ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬੇਸ਼ੱਕ ਵਾਪਸ ਲਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈ ਕੇ ਆਵੇ ਪਰ ਨਵੇਂ ਰੂਪ ਵਾਲੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਦੀ ਕਿਸਾਨੀ ’ਤੇ ਹੱਲਾ ਬੋਲਣ ਦੀ ਤਿਆਰੀ ਕਰ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚਾ ਪੰਜਾਬ ਚੋਣਾਂ ਵਿੱਚ ਬਿਨ੍ਹਾਂ ਕਿਸੇ ਤਿਆਰੀ ਤੋਂ ਹੀ ਚੋਣ ਮੈਦਾਨ ਵਿੱਚ ਉਤਰੀ, ਜਿਸ ਦੇ ਦੂਰਗਾਮੀ ਨਤੀਜੇ ਸਾਡੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਚੋਣ ਨਤੀਜਿਆਂ ਵਿੱਚ ਸੰਯੁਕਤ ਸਮਾਜ ਮੋਰਚੇ ਦੀ ਕਾਰਗੁਜ਼ਾਰੀ ਦੇਖ ਕੇ ਕਿਸਾਨ ਅੰਦੋਲਨ ਨੂੰ ਫਿੱਕਾ ਕਰਨ ਦੀ ਕੋਸ਼ਿਸ਼ ਕਰੇਗੀ। ਜਾਖੜ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਸਿਆਸੀ ਪਾਰਟੀ ਚੋਣਾਂ ਲੜਨ ਤੋਂ ਪਹਿਲਾਂ ਸਾਰੀਆਂ ਧਿਰਾਂ ਦੇ ਸਹਿਯੋਗ ਅਤੇ ਏਕੇ ਨਾਲ ਚੋਣ ਮੈਦਾਨ ਵਿਚ ਉੱਤਰਨਾ ਚਾਹੀਦਾ ਸੀ ਪਰ ਇਨ੍ਹਾਂ ਕਿਸਾਨ ਧਿਰਾਂ ਨੇ ਇਹ ਕਦਮ ਕਾਹਲੀ ਵਿੱਚ ਚੁੱਕਿਆ ਹੈ, ਜਿਸ ਦੇ ਨਤੀਜੇ ਜਲਦ ਹੀ ਸਾਹਮਣੇ ਆ ਜਾਣਗੇ। ਸੁਨੀਲ ਜਾਖੜ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਿਸਾਨੀ ਧਿਰ ਦੇ ਕਿਸੇ ਵਿਅਕਤੀ ਵਿਸ਼ੇਸ਼ ਦੀ ਹਾਰ ਜਿੱਤ ਨਹੀਂ ਹੋਵੇਗੀ ਬਲਕਿ ਕਿਸਾਨ ਵਿਰੋਧੀ ਤਾਕਤਾਂ ਨੂੰ ਕਿਸਾਨ ਅੰਦੋਲਨ ਦੇ ਮੱਥੇ ’ਤੇ ਦਾਗ਼ ਲਾਉਣ ਦਾ ਇੱਕ ਮੌਕਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਵੇਂ ਕੇਂਦਰੀ ਬਜਟ ਵਿੱਚ ਖੇਤੀ ਸਬਸਿਡੀ ’ਤੇ ਕੱਟ ਲਾ ਦਿੱਤਾ ਗਿਆ ਹੈ ਤੇ 40 ਹਜ਼ਾਰ ਕਰੋੜ ਰੁਪਏ ਦੀ ਖਾਦ ਸਬਸਿਡੀ ਘਟਾ ਦਿੱਤੀ ਗਈ ਹੈ ਤੇ ਹਾਲੇ ਤੱਕ ਕੇਂਦਰ ਵੱਲੋਂ MSP ਨੂੰ ਲੈ ਕੇ ਕੋਈ ਕਮੇਟੀ ਨਹੀਂ ਬਣਾਈ ਗਈ ਹੈ। ਜਿਸ ਕਾਰਨ ਉਨ੍ਹਾਂ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ।

Leave a Reply

Your email address will not be published. Required fields are marked *

Back to top button