ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਵਾਤਾਵਰਨ ਜਾਗਰੂਕਤਾ ਰੈਲੀ

ਗਿੱਦੜਬਾਹਾ- ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪਿ੍ੰਸੀਪਲ ਮੈਡਮ ਡਾ. ਮਨੀਸ਼ਾ ਗੁਪਤਾ ਦੀ ਅਗਵਾਈ ‘ਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਦੀ ਐੱਨ. ਐੱਸ. ਐੱਸ. ਯੂਨਿਟ ਦੇ ਵਿਦਿਆਰਥੀਆਂ ਨੇ ਕਿਸਾਨਾਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਦਿਆਂ ਪਰਾਲੀ ਨਾ ਸਾੜਨ ਤੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਜਾਗਰੂਕਤਾ ਰੈਲੀ ਕੱਢੀ । ਰੈਲੀ ਦੌਰਾਨ ਵਿਦਿਆਰਥੀਆਂ ਨੇ ਹੱਥਾਂ ਵਿਚ ‘ਪਰਾਲੀ ਨਾ ਸਾੜੋ ਮੇਰੇ ਯਾਰੋ, ਧਰਤੀ ਦੀ ਨਾ ਕੁੱਖ ਉਜਾੜੋ’ ਤੇ ‘ਸੁਖ ਵੰਡੋ ਸੁਖ ਪਾਓ, ਪ੍ਰਦੂਸ਼ਣ ਰਹਿਤ ਦੀਵਾਲੀ ਮਨਾਓ’ ਆਦਿ ਨਾਅਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ । ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ, ਪਿੰਡ ਦੀਆਂ ਸੱਥਾਂ ਤੇ ਗਲੀਆਂ, ਮੁਹੱਲਿਆਂ ‘ਚੋਂ ਹੁੰਦੀ ਹੋਈ ਵਾਪਸ ਸਕੂਲ ਆ ਕਿ ਸਮਾਪਤ ਹੋਈ । ਇਸ ਮੌਕੇ ਪ੍ਰੋਗਰਾਮ ਅਫ਼ਸਰ ਮਨਦੀਪ ਕੌਰ ਨੇ ਕਿਹਾ ਕਿ ਜੇਕਰ ਅਸੀਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਹੈ, ਤਾਂ ਸਾਨੂੰ ਯੁਵਾ ਪੀੜ੍ਹੀ ਨੂੰ ਪ੍ਰੇਰਿਤ ਕਰਕੇ ਜਾਗਰੂਕ ਕਰਨਾ ਪਵੇਗਾ । ਉਨ੍ਹਾਂ ਕਿਹਾ ਕਿ ਯੁਵਾ ਵਰਗ ਆਪਣੇ ਮਾਪਿਆਂ ਤੇ ਸਮਾਜ ਨੂੰ ਪ੍ਰੇਰਿਤ ਕਰਕੇ ਹੀ ਸਮਾਜ ਵਿਚ ਬਦਲਾਅ ਲਿਆ ਸਕਦਾ ਹੈ । ਇਸ ਜਾਗਰੂਕਤਾ ਰੈਲੀ ਵਿਚ ਮੈਡਮ ਰਵਿੰਦਰ ਕੌਰ, ਮੈਡਮ ਪੂਨਮ ਰਾਣੀ, ਹਰਪ੍ਰੀਤ ਕੌਰ, ਪਰਮਿੰਦਰ ਕੌਰ ਤੇ ਮਨਪ੍ਰੀਤ ਕੌਰ ਦਾ ਪੂਰਨ ਸਹਿਯੋਗ ਰਿਹਾ ।