India News

ਏਪੀਜੇ ਅਬਦੁਲ ਕਲਾਮ ਦੀ ਬਰਸੀ ‘ਤੇ ਪੜ੍ਹੋ ਉਨ੍ਹਾਂ ਦੇ ਕੁਝ ਅਭੁੱਲ ਕਿੱਸੇ

1. ਅੱਜ ਤੋਂ ਚਾਰ ਸਾਲ ਪਹਿਲਾਂ 27 ਜੁਲਾਈ ਨੂੰ ਡਾ. ਏਪੀਜੇ ਅਬਦੁਲ ਕਲਾਮ ਮੇਘਾਲਿਆ ਦੇ ਸ਼ਿਲਾਂਗ ਵਿੱਚ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਅੱਜ ਉਨ੍ਹਾਂ ਦੀ ਵਰ੍ਹੇਗੰਢ ਮੌਕੇ ਉਨ੍ਹਾਂ ਦੇ ਜੀਵਨ ਦੀਆਂ ਖ਼ਾਸ ਗੱਲਾਂ ਬਾਰੇ ਦੱਸਾਂਗੇ। 2.ਏਪੀਜੇ ਅਬਦੁਲ ਕਲਾਮ ਦੇਸ਼ ਦੇ ਰਾਸ਼ਟਰਪਤੀ, ਮਹਾਨ ਵਿਚਾਰਕ, ਲੇਖਕ ਤੇ ਵਿਗਿਆਨਕ ਵੀ ਰਹੇ। ਹਰ ਖੇਤਰ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਦੀ ਜ਼ਿੰਦਗੀ ਦਾ ਸਾਰ ਹੈ, ਖ਼ੁਆਬ ਦੇਖੋ, ਖੁਆਬ ਪੂਰੇ ਜ਼ਰੂਰ ਹੁੰਦੇ ਹਨ। ਚਾਹੇ ਹਾਲਾਤ ਕਿਹੋ ਜਿਹੇ ਵੀ ਹੋਣ। ਉਹ ਕਹਿੰਦੇ ਹਨ, ‘ਖ਼ੁਆਬ ਉਹ ਨਹੀਂ ਹੁੰਦੇ ਜੋ ਅਸੀਂ ਰਾਤ ਸੌਂਦੇ ਹੋਏ ਵੇਖਦੇ ਹਾਂ, ਬਲਕਿ ਖ਼ੁਆਬ ਉਹ ਹੁੰਦੇ ਹਨ ਜੋ ਸਾਨੂੰ ਸੌਣ ਹੀ ਨਾ ਦੇਣ।’
3.ਅਬਦੁਲ ਕਲਾਮ ਦਾ ਜਨਮ ਤਮਿਲਨਾਡੂ ਦੇ ਰਾਮੇਸ਼ਵਰਮ ਵਿੱਚ 15 ਅਕਤੂਬਰ ਨੂੰ ਹੋਇਆ। ਉਨ੍ਹਾਂ ਦਾ ਪਰਿਵਾਰ ਕਿਸ਼ਤੀਆਂ ਬਣਾਉਣ ਦਾ ਕੰਮ ਕਰਦਾ ਸੀ। ਪਿਤਾ ਮਛੇਰਿਆਂ ਨੂੰ ਕਿਸ਼ਤੀਆਂ ਕਿਰਾਏ ‘ਤੇ ਦਿੰਦੇ ਸਨ। ਬਚਪਨ ਤੋਂ ਹੀ ਕਲਾਮ ਦੀਆਂ ਅੱਖਾਂ ਕੁਝ ਬਣਨ ਦਾ ਖ਼ੁਆਬ ਵੇਖਦੀਆਂ ਸਨ। ਪਰ ਉਸ ਵੇਲੇ ਹਾਲਾਤ ਠੀਕ ਨਹੀਂ ਸਨ।
4. 2002 ਵਿੱਚ ਰਾਸ਼ਟਰਪਤੀ ਬਣਨ ਦੇ ਬਾਅਦ ਅਬਦੁਲ ਕਲਾਮ ਪਹਿਲੀ ਵਾਰ ਕੇਰਲ ਗਏ ਸੀ। ਉਸ ਵੇਲੇ ਕੇਰਲ ਰਾਜਭਵਨ ਵਿੱਚ ਰਾਸ਼ਟਰਪਤੀ ਦੇ ਮਹਿਮਾਨ ਵਜੋਂ ਦੋ ਜਣਿਆਂ ਨੂੰ ਸੱਦਾ ਭੇਜਿਆ ਗਿਆ, ਪਹਿਲਾ ਮੋਚੀ ਤੇ ਦੂਜਾ ਢਾਬੇ ਦਾ ਮਾਲਕ। ਤਿਰੂਵਨੰਤਪੁਰਮ ਵਿੱਚ ਰਹਿਣ ਦੌਰਾਨ ਰਾਸ਼ਟਰਪਤੀ ਦੀ ਇਨ੍ਹਾਂ ਦੋਵਾਂ ਨਾਲ ਮੁਲਾਕਾਤ ਹੋਈ ਸੀ।
5.ਡਾ. ਕਲਾਮ ਨੇ ਕਦੇ ਆਪਣੇ ਪਰਿਵਾਰ ਲਈ ਕੁਝ ਬਚਾ ਕੇ ਨਹੀਂ ਰੱਖਿਆ। ਰਾਸ਼ਟਰਪਤੀ ਦੇ ਅਹੁਦੇ ‘ਤੇ ਰਹਿੰਦਿਆਂ ਹੀ ਉਨ੍ਹਾਂ ਆਪਣੀ ਸਾਰੀ ਜਮ੍ਹਾਂ ਪੂੰਜੀ ਤੇ ਮਿਲਣ ਵਾਲੀ ਤਨਖ਼ਾਹ ਇੱਕ ਟਰੱਸਟ ਦੇ ਨਾਂ ਕਰ ਦਿੱਤੀ ਸੀ। ਡਾ. ਕਲਾਮ ਜਦੋਂ DRDO ਦੇ ਨਿਰਦੇਸ਼ਕ ਸੀ ਤਾਂ ਉਸ ਦੌਰਾਨ ਇੱਕ ਦਿਨ ਇੱਕ ਜੂਨੀਅਰ ਵਿਗਿਆਨਿਕ ਨੇ ਡਾ. ਕਲਾਮ ਨੂੰ ਆ ਕੇ ਕਿਹਾ ਕਿ ਉਸ ਨੇ ਆਪਣੇ ਬੱਚਿਆਂ ਨਾਲ ਵਾਅਦਾ ਕੀਤਾ ਹੈ ਕਿ ਉਨ੍ਹਾਂ ਨੂੰ ਪ੍ਰਦਰਸ਼ਨੀ ਘੁਮਾਉਣ ਲੈ ਕੇ ਜਾਵਾਂਗਾ। ਇਸ ਲਈ ਅੱਜ ਥੋੜ੍ਹਾ ਪਹਿਲੇ ਛੁੱਟੀ ਦੇ ਦਿਓ। ਡਾ. ਕਲਾਮ ਨੇ ਝੱਟ ਹਾਮੀ ਭਰ ਦਿੱਤੀ। ਪਰ ਕੰਮ ਵਿੱਚ ਰੁੱਝਿਆ ਵਿਗਿਆਨਿਕ ਇਹ ਗੱਲ ਭੁੱਲ ਗਿਆ। ਜਦ ਉਹ ਰਾਤ ਨੂੰ ਘਰ ਪੁੱਜਾ ਤਾਂ ਉਹ ਜਾਣ ਕੇ ਹੈਰਾਨ ਰਹਿ ਗਿਆ ਕਿ ਡਾ. ਕਲਾਮ ਵੇਲੇ ਸਿਰ ਉਸ ਦੇ ਘਰ ਪਹੁੰਚ ਗਏ ਤੇ ਬੱਚਿਆ ਨੂੰ ਪ੍ਰਦਰਸ਼ਨੀ ਘੁਮਾਉਣ ਲੈ ਗਏ ਸੀ।
6.ਸਾਲ 2013 ਵਿੱਚ IIT ਵਾਰਾਣਸੀ ਵਿੱਚ ਇੱਕ ਪ੍ਰੋਗਰਾਮ ਸੀ ਤਾਂ ਬਤੌਰ ਮੁੱਖ ਮਹਿਮਾਨ ਪੁੱਜੇ ਡਾ. ਕਲਾਮ ਨੇ ਕੁਰਸੀ ‘ਤੇ ਬਹਿਣੋਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਉਹ ਕੁਰਸੀ ਉੱਥੇ ਮੌਜੂਦ ਬਾਕੀ ਕੁਰਸੀਆਂ ਨਾਲੋਂ ਵੱਡੀ ਸੀ। ਉਹ ਬੈਠਣ ਲਈ ਉਦੋਂ ਹੀ ਰਾਜ਼ੀ ਹੋਏ ਜਦੋਂ ਵੱਡੀ ਕੁਰਸੀ ਹਟਾ ਕੇ ਬਰਾਬਰ ਦੀ ਕੁਰਸੀ ਮੰਗਵਾਈ ਗਈ।
7.ਇੱਕ ਵਾਰ ਡਾ. ਕਲਾਮ ਨੂੰ ਇੱਕ ਕਾਲਜ ਦੇ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ ਸੀ। ਉਸ ਵੇਲੇ ਉਹ ਰਾਸ਼ਟਰਪਤੀ ਤਾਂ ਨਹੀਂ ਸਨ ਪਰ DRDO ਵਿੱਚ ਵੱਡੇ ਅਹੁਦੇ ‘ਤੇ ਤਾਇਨਾਤ ਸਨ ਤੇ ਸਰਕਾਰ ਦੇ ਸਲਾਹਕਾਰ ਵੀ ਸਨ। ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਰਾਤ ਵੇਲੇ ਕਲਾਮ ਨੂੰ ਪ੍ਰੋਗਰਾਮ ਦੀ ਤਿਆਰੀ ਦੇਖਣ ਦੀ ਇੱਛਾ ਹੋਈ ਤਾਂ ਉਹ ਬਗੈਰ ਸੁਰੱਖਿਆ ਹੀ ਜੀਪ ਵਿੱਚ ਸਵਾਰ ਹੋਏ ਤੇ ਪ੍ਰੋਗਰਾਮ ਦੀ ਥਾਂ ਪਹੁੰਚ ਗਏ। ਉਨ੍ਹਾਂ ਉੱਥੇ ਮੌਜੂਦ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।
8. ਸਾਲ 2002 ਵਿੱਚ ਡਾ. ਕਲਾਮ ਦਾ ਨਾਂ ਅਗਲੇ ਰਾਸ਼ਟਰਪਤੀ ਵਜੋਂ ਤੈਅ ਹੋ ਚੁੱਕਿਆ ਸੀ। ਇਸੇ ਦੌਰਾਨ ਇੱਕ ਸਕੂਲ ਨੇ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਕਿਹਾ। ਡਾ. ਕਲਾਮ ਬਗੈਰ ਸੁਰੱਖਿਆ ਦੇ ਉੱਥੇ ਪਹੁੰਚੇ। 400 ਵਿਦਿਆਰਥੀਆਂ ਦੇ ਸਾਹਮਣੇ ਭਾਸ਼ਣ ਦੇਣ ਲਈ ਖਲੋਤੇ ਹੀ ਸੀ ਕਿ ਬਿਜਲੀ ਚਲੀ ਗਈ। ਇਸ ‘ਤੇ ਡਾ. ਕਲਾਮ ਵਿਦਿਆਰਥੀਆਂ ਵਿੱਚ ਪਹੁੰਚ ਗਏ ਤੇ ਬਿਨਾ ਮਾਈਕ ਵਿਦਿਆਰਥੀਆਂ ਨੂੰ ਭਾਸ਼ਣ ਦਿੱਤਾ ਤੇ ਸਵਾਲਾਂ ਦੇ ਜਵਾਬ ਵੀ ਦਿੱਤੇ।

Leave a Reply

Your email address will not be published. Required fields are marked *

Back to top button