District NewsMalout News

ਵਿਸ਼ਵ ਓਰਲ ਹੈੱਲਥ ਦਿਵਸ ਸੰਬੰਧੀ ਸਿਹਤ ਵਿਭਾਗ ਵੱਲੋਂ ਬਿਰਧ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਸਮਾਗਮ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਅਤੇ ਡਾ. ਕੁਲਤਾਰ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ ਦੀ ਪ੍ਰਧਾਨਗੀ ਹੇਠ ਬਿਰਧ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਓਰਲ ਹੈੱਲਥ ਦਿਵਸ ਸੰਬੰਧੀ ਸਮਾਗਮ ਕੀਤਾ ਗਿਆ ਅਤੇ ਕੈਂਪ ਲਗਾ ਕੇ ਬਜ਼ੁਰਗਾਂ ਦੇ ਦੰਦਾਂ ਦੀ ਜਾਂਚ ਕਰਕੇ ਮੁਫਤ ਇਲਾਜ ਕੀਤਾ ਗਿਆ। ਇਸ ਮੌਕੇ ਡਾ. ਕੁਲਤਾਰ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਹਰ ਸਾਲ 20 ਮਾਰਚ ਨੂੰ ਵਿਸ਼ਵ ਓਰਲ ਹੈੱਲਥ ਦਿਵਸ ਮਨਾਇਆ ਜਾਂਦਾ ਹੈ। ਜਿਸ ਦਾ ਮਕਸਦ ਲੋਕਾਂ ਨੂੰ ਆਪਣੇ ਦੰਦਾਂ ਦੀ ਅਤੇ ਮੂੰਹ ਦੀ ਸਫਾਈ ਅਤੇ ਦੇਖਭਾਲ ਕਰਨ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੂੰਹ ਅਤੇ ਦੰਦਾਂ ਦੀ ਸੰਭਾਲ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਿਲ੍ਹੇ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਦੰਦਾਂ ਅਤੇ ਮੂੰਹ ਦੀ ਸਫ਼ਾਈ ਸੰਬੰਧੀ ਚੈਕਅੱਪ ਕੈਂਪ ਲਗਾ ਕੇ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਮੂੰਹ ਅਤੇ ਦੰਦਾਂ ਦੀ ਸੰਭਾਲ ਅਤੇ ਸਫ਼ਾਈ ਬਹੁਤ ਜਰੂਰੀ ਹੈ। ਮੂੰਹ ਅਤੇ ਦੰਦਾਂ ਦੀ ਸਫਾਈ ਨਾ ਕਰਨ ਕਾਰਨ ਦੰਦਾਂ ਅਤੇ ਪੇਟ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਜਿਸ ਕਾਰਨ ਆਮ ਜੀਵਨ ਵਿੱਚ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਮੌਕੇ ਡਾ. ਯੁਗਵੀਰ ਬੱਤਰਾ ਦੰਦਾਂ ਦੇ ਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਸਭ ਨੂੰ ਇੱਕ ਦਿਨ ਵਿੱਚ ਦੋ ਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਤੇ ਸਵੇਰੇ ਨਾਸ਼ਤੇ ਤੋਂ ਬਾਅਦ ਬ੍ਰਸ਼ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਸਹੀ ਬ੍ਰਸ਼ ਕਰਨ ਦੇ ਤਰੀਕੇ ਦੱਸਦੇ ਹੋਏ ਕਿਹਾ ਕਿ ਟੂਥ ਬਰੁੱਸ਼ ਨੂੰ ਦੰਦਾ ਦੀ ਜੜ੍ਹ ਦੇ ਬਰਾਬਰ 45 ਡਿਗਰੀ ਤੇ ਰੱਖ ਕੇ ਉਪਰਲੇ ਦੰਦਾਂ ਲਈ ਉਪਰ ਤੋਂ ਹੇਠਾਂ ਵੱਲ ਅਤੇ ਹੇਠਲੇ ਦੰਦਾਂ ਲਈ ਹੇਠਾਂ ਤੋਂ ਉਪਰ ਵੱਲ ਨੂੰ ਸਫਾਈ ਕਰਨੀ ਚਾਹੀਦੀ ਹੈ ਅਤੇ ਦੰਦਾਂ ਦੀ ਸਫਾਈ ਅੰਦਰਲੇ ਪਾਸੇ ਤੋਂ ਅਤੇ ਚਬਾਉਣ ਵਾਲੇ ਹਿੱਸੇ ਦੀ ਵੀ ਸਫਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਨਰਮ ਬ੍ਰਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੰਦਾਂ ਦੇ ਨਾਲ ਨਾਲ ਜੀਭ ਦੀ ਸਫਾਈ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਸਿਹਤਮੰਦ ਭੋਜਨ ਦਾ ਸੇਵਨ ਕਰੋ, ਚਿਪਚਿਪੇ ਅਤੇ ਮਿੱਠਾ ਖਾਣ ਤੋਂ ਪ੍ਰਹੇਜ਼ ਕਰੋ, ਖਾਣਾ ਚੰਗੀ ਤਰ੍ਹਾਂ ਚਬਾ ਕੇ ਖਾਓ। ਵਿਟਾਮਿਨਾਂ ਅਤੇ ਖਣਿਜ ਪਦਾਰਥਾਂ ਭਰਪੂਰ ਭੋਜਨ ਦਾ ਸੇਵਨ ਕਰੋ ਅਤੇ ਹਰੇਕ 6 ਮਹੀਨੇ ਬਾਅਦ ਆਪਣੇ ਦੰਦਾਂ ਦੇ ਡਾਕਟਰ ਦੀ ਸਲਾਹ ਲਵੋ। ਇਸ ਮੌਕੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਸਿਹਤ ਵਿਭਾਗ ਵੱਲੋਂ ਮੁਫਤ ਟੁੱਥ ਪੇਸਟ ਅਤੇ ਟੁੱਥ ਬ੍ਰਸ਼ ਵੀ ਵੰਡੇ ਗਏ। ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ, ਸਰਬਜੀਤ ਸਿੰਘ ਦਰਦੀ ਪ੍ਰਧਾਨ ਵਿਰਧ ਆਸ਼ਰਮ, ਬੂਟਾ ਰਾਮ ਕਮਰਾ ਐੱਨ.ਜੀ.ਓ ਆਦਿ ਹਾਜ਼ਿਰ ਸਨ।

Author: Malout Live

Back to top button