Punjab

ਹੁਣ ਬਿਜਲੀ ਚੋਰਾਂ ‘ਤੇ ਪੁਲਿਸ ਦਾ ਡੰਡਾ :ਕੈਪਟਨ

ਚੰਡੀਗੜ੍ਹ:- ਪੰਜਾਬ ਸਰਕਾਰ ਨੇ ਬਿਜਲੀ ਚੋਰਾਂ ਨੂੰ ਸਬਕ ਸਿਖਾਉਣ ਲਈ ਪੁਲਿਸ ਦੇ ਡੰਡੇ ਦੀ ਵਰਤੋਂ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ ਨੂੰ ਬਿਜਲੀ ਚੋਰੀ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਵੀ ਬਿਜਲੀ ਮਹਿਕਮੇ ਦੀ ਮਦਦ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਦੇ ਹੁਕਮਾਂ ਮਗਰੋਂ ਹੁਣ ਬਿਜਲੀ ਚੋਰਾਂ ਦੀ ਸ਼ਾਮਤ ਆਏਗੀ। ਬੁੱਧਵਾਰ ਨੂੰ ਉੱਚ ਪੱਧਰੀ ਮੀਟਿੰਗ ਵਿੱਚ ਬਿਜਲੀ ਦੀ ਸਥਿਤੀ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਤੇ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਬਿਜਲੀ ਚੋਰਾਂ ਨੂੰ ਹੱਥ ਪਾਉਣ ਦੀ ਹਦਾਇਤ ਕੀਤੀ। ਮੀਟਿੰਗ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਬਿਜਲੀ ਚੋਰਾਂ ਕਰਕੇ ਬਿਜਲੀ ਮਹਿੰਗੀ ਕਰਨੀ ਪੈਂਦੀ ਹੈ ਜਿਸ ਦਾ ਖ਼ਮਿਆਜਾ ਇਮਾਨਦਾਰ ਖ਼ਪਤਕਾਰਾਂ ਨੂੰ ਭੁਗਤਣਾ ਪੈਂਦਾ ਹੈ। ਮੀਟਿੰਗ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਬਿਜਲੀ ਚੋਰੀ ਰੁਕ ਜਾਵੇ ਤਾਂ ਬਿਜਲੀ ਦਰਾਂ ਵਿੱਚ ਵਾਧੇ ਨੂੰ ਟਾਲਿਆ ਜਾ ਸਕਦਾ ਹੈ। ਇਸ ਲਈ ਬਿਜਲੀ ਨਿਗਮ ਵੱਲੋਂ ਮਾਰੇ ਜਾਂਦੇ ਛਾਪਿਆਂ ਦੌਰਾਨ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇਣ ਦੀ ਲੋੜ ਹੈ। ਦਰਅਸਲ ਬਿਜਲੀ ਮਹਿਕਮੇ ਦੇ ਮੁਲਾਜ਼ਮ ਜਦੋਂ ਛਾਪੇ ਮਾਰਦੇ ਹਨ ਤਾਂ ਬਿਜਲੀ ਚੋਰ ਉਨ੍ਹਾਂ ਨਾਲ ਕੁੱਟਮਾਰ ਕਰਦੇ ਹਨ। ਕਈ ਥਾਵਾਂ’ਤੇ ਉਨ੍ਹਾਂ ਨੂੰ ਬੰਧਕ ਵੀ ਬਣਾ ਲਿਆ ਜਾਂਦਾ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਇਸ ਸਬੰਧ ’ਚ ਸਖ਼ਤ ਕਦਮ ਚੁੱਕਣ ਲਈ ਕਿਹਾ। ਬਿਜਲੀ ਨਿਗਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਮੁਤਾਬਕ ਸਭ ਤੋਂ ਵੱਧ ਬਿਜਲੀ ਚੋਰੀ ਸਰਹੱਦੀ ਕਸਬੇ ਭਿੱਖੀਵਿੰਡ ਵਿੱਚ 80 ਫੀਸਦੀ, ਪੱਟੀ ਵਿੱਚ 71 ਫੀਸਦੀ, ਜ਼ੀਰਾ ਵਿੱਚ 61 ਫੀਸਦੀ, ਪਾਤੜਾਂ ਵਿੱਚ 57 ਫ਼ੀਸਦੀ, ਬਾਘਾਪੁਰਾਣਾ ਵਿੱਚ 55 ਫ਼ੀਸਦੀ, ਤਰਨ ਤਾਰਨ ਵਿੱਚ 51 ਤੇ ਅਜਨਾਲਾ ਵਿੱਚ 50 ਫੀਸਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਬਿਜਲੀ ਚੋਰੀ ਰੋਕੀ ਜਾਵੇਗੀ।

Leave a Reply

Your email address will not be published. Required fields are marked *

Back to top button