District News

ਨਸ਼ਿਆਂ ਦੇ ਵੱਧ ਰਹੇ ਰੁਝਾਨ ਨੇ ਰੋਲ ਦਿੱਤੀ ਪੰਜਾਬ ਦੇ ਨੌਜਵਾਨ ਪੀੜ੍ਹੀ ਦੀ ਜਵਾਨੀ

Drug syringe and cooked heroin on spoon

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) – ਨਸ਼ੇ ਦਾ ਰੁਝਾਨ ਸਭ ਪਾਸੇ ਇੰਨਾ ਵੱਧ ਗਿਆ ਹੈ ਕਿ ਪੰਜਾਬ ਦੇ 22 ਜ਼ਿਲਿਆਂ ‘ਚੋਂ ਕੋਈ ਸ਼ਹਿਰ, ਕਸਬਾ ਜਾਂ ਪਿੰਡ ਅਜਿਹਾ ਨਹੀਂ, ਜਿੱਥੇ ਨਸ਼ਿਆਂ ਦੀ ਵਰਤੋਂ ਨਾ ਹੋ ਰਹੀ ਹੋਵੇ। ਹਰ ਖੇਤਰ ‘ਚ ਨਸ਼ਿਆਂ ਕਾਰਨ ਅਨੇਕਾਂ ਮੌਤਾਂ ਹੋਈਆਂ ਹਨ, ਜਿਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਾਹ ਲਿਆ ਹੈ। ਨਸ਼ੇ ਭਾਵੇਂ ਹਰ ਉਮਰ ਵਰਗ ਦੇ ਵਿਅਕਤੀ ਕਰ ਰਹੇ ਹਨ ਪਰ ਨੌਜਵਾਨ ਪੀੜ੍ਹੀ ‘ਚ ਇਹ ਰੁਝਾਨ ਸਭ ਤੋਂ ਵੱਧ ਹੈ। ਕਈ ਕੁੜੀਆਂ ਵੀ ਹੁਣ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ। ਫਿਕਰ ਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਨਸ਼ਿਆਂ ਦੀ ਓਵਰਡੋਜ਼ ਲੈਣ ਵਾਲੀਆਂ ਨੌਜਵਾਨ ਕੁੜੀਆਂ ਦੀ ਵੀ ਮੌਤ ਹੋਣ ਲੱਗੀ ਹੈ, ਜਿਸ ਲਈ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਹਨ। ਨਸ਼ਿਆਂ ‘ਤੇ ਰਾਜਨੀਤੀ ਹੋ ਰਹੀ ਹੈ ਪਰ ਨਸ਼ਾ ਕਿਤੇ ਵੀ ਘਟਿਆ ਨਹੀਂ, ਸਗੋਂ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ ਹੈ। ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਅਸਲ ‘ਚ ਨਸ਼ਿਆਂ ਦੇ ਮੁੱਦੇ ਨੂੰ ਅਜੇ ਤੱਕ ਗੰਭੀਰਤਾ ਨਾਲ ਨਹੀਂ ਲਿਆ। ਦੁੱਖ ਉਨ੍ਹਾਂ ਮਾਵਾਂ ਨੂੰ ਹੈ, ਜਿਨ੍ਹਾਂ ਦੇ ਪੁੱਤ ਨਸ਼ਿਆਂ ‘ਚ ਰੁੜ੍ਹ ਗਏ। ਜੇਕਰ ਸਿਆਸੀ ਨੇਤਾ ਨਸ਼ੇ ਵੇਚਣ ਵਾਲਿਆਂ ਦਾ ਪੱਖ ਨਾ ਪੂਰਨ ਅਤੇ ਈਮਾਨਦਾਰੀ ਨਾਲ ਕੰਮ ਕਰਨ ਤਾਂ ਨਸ਼ਿਆਂ ਦੇ ਰੁਝਾਨ ਨੂੰ ਕੁਝ ਹੱਦ ਤੱਕ ਠੱਲ੍ਹ ਪੈ ਸਕਦੀ ਹੈ।

ਇਕੱਲੇ ‘ਨਸ਼ਾ ਮੁਕਤ ਅਤੇ ਤੰਦਰੁਸਤ ਪੰਜਾਬ’ ਦਾ ਨਾਅਰਾ ਲਾ ਕੇ ਸਮਾਜ ਨੂੰ ਸੁਧਾਰਿਆ ਨਹੀਂ ਜਾ ਸਕਦਾ ਅਤੇ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਦੂਜੇ ਪਾਸੇ ਜੇਕਰ ਪੁਲਸ ਅਤੇ ਕਾਨੂੰਨ ਦਾ ਡੰਡਾ ਨਸ਼ਿਆਂ ਵਾਲੇ ਪਾਸੇ ਸਖ਼ਤ ਕੀਤਾ ਜਾਵੇ ਤਾਂ ਨਸ਼ਾ ਸਮੱਗਲਰਾਂ ਨੂੰ ਨੱਥ ਪਾਈ ਜਾ ਸਕਦੀ ਹੈ। ਹੁਣ ਕੁਝ ਕੁ ਪੁਲਸ ਅਫ਼ਸਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਸਾਰੀ ਪੁਲਸ ਈਮਾਨਦਾਰੀ ਨਾਲ ਕੰਮ ਕਰੇ ਅਤੇ ਜ਼ਿੰਮੇਵਾਰੀ ਨੂੰ ਸਮਝੇ ਤਾਂ ਨਸ਼ਿਆਂ ਦੀ ਸਮੱਗਲਿੰਗ ਘੱਟ ਸਕਦੀ ਹੈ। ਭਾਵੇਂ ਸਰਕਾਰ, ਪੁਲਸ, ਸਿਵਲ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਨਸ਼ਿਆਂ ਖਿਲਾਫ਼ ਸੈਮੀਨਾਰ ਕਰਵਾਏ ਜਾ ਰਹੇ ਹਨ ਪਰ ਸੱਚ ਇਹ ਹੈ ਕਿ ਇਹ ਸਿਰਫ ਖਾਨਾਪੂਰਤੀ ਲੱਗ ਰਹੀ ਹੈ। ਇਸ ਗੰਭੀਰ ਮਸਲੇ ਸਬੰਧੀ ‘ਜਗ ਬਾਣੀ’ ਵਲੋਂ ਇਸ ਹਫਤੇ ਦੀ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ। ਰੋਜ਼ਾਨਾ ਲੱਖਾਂ ਰੁਪਏ ਦਾ ਕੀਤਾ ਜਾ ਰਿਹੈ ਨਸ਼ਾ
ਸੂਬੇ ‘ਚ ਇਕ ਨਜ਼ਰ ਮਾਰੀਏ ਤਾਂ ਰੋਜ਼ਾਨਾ ਲੱਖਾਂ ਰੁਪਏ ਦਾ ਨਸ਼ਾ ਲੋਕ ਖਾਹ ਰਹੇ ਹਨ ਅਤੇ ਅਨੇਕਾਂ ਘਰਾਂ ਦੀ ਹਾਲਤ ਨਸ਼ਿਆਂ ਕਰ ਕੇ ਕੰਗਾਲਾਂ ਵਾਲੀ ਬਣ ਚੁੱਕੀ ਹੈ। ਨਸ਼ਿਆਂ ਕਾਰਨ ਵੱਡੀ ਪੱਧਰ ‘ਤੇ ਆਰਥਕ ਸੱਟ ਵੱਜੀ ਹੈ। ਨਸ਼ਿਆਂ ਨੇ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਖੇਤੀ ਸੰਦ, ਘਰਾਂ ਦਾ ਸਾਮਾਨ ਅਤੇ ਇੱਥੋਂ ਤੱਕ ਕਿ ਕਈਆਂ ਦੇ ਘਰ ਵੀ ਵਿਕ ਗਏ। ਜੱਟ ਜ਼ਿੰਮੀਦਾਰਾਂ ਦੇ ਮੁੰਡੇ ਨਸ਼ਿਆਂ ਦੀ ਪੂਰਤੀ ਲਈ ਦਿਹਾੜੀਆਂ ਕਰ ਰਹੇ ਹਨ। ਕਈ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਾਂ, ਖੋਹਾਂ, ਚੋਰੀਆਂ, ਡਾਕੇ ਮਾਰ ਰਹੇ ਹਨ।
ਨਸ਼ਾ ਛੁਡਾਉਣ ਵਾਲੇ ਮਾਹਿਰ ਡਾਕਟਰਾਂ ਦੀ ਹੈ ਘਾਟ
ਭਾਵੇਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੇ ਸੂਬੇ ਦੇ ਕਈ ਸਰਕਾਰੀ ਹਸਪਤਾਲਾਂ ‘ਚ ਆਰਜ਼ੀ ਤੌਰ ‘ਤੇ ਨਸ਼ਾ ਛੁਡਾਊ ਕੇਂਦਰ ਤਾਂ ਬਣਵਾਏ ਸਨ ਪਰ ਜੇਕਰ ਵੇਖਿਆ ਜਾਵੇ ਤਾਂ ਇਨ੍ਹਾਂ ਕੇਂਦਰਾਂ ‘ਚੋਂ ਜ਼ਿਆਦਾਤਰ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਨਸ਼ਾ ਛੁਡਾਉਣ ਵਾਲੇ ਮਾਹਿਰ ਡਾਕਟਰਾਂ ਦੀ ਰੜਕ ਰਹੀ ਹੈ।ਡਾਕਟਰਾਂ ਤੋਂ ਇਲਾਵਾ ਨਸ਼ਾ ਛੁਡਾਊ ਕੇਦਰਾਂ ‘ਚ ਹੋਰ ਸਟਾਫ਼ ਅਤੇ ਅਮਲੇ ਫੈਲੇ ਦੀ ਵੀ ਘਾਟ ਹੈ। ਦਵਾਈਆਂ ਵੀ ਲੋੜ ਅਨੁਸਾਰ ਨਹੀਂ ਮਿਲਦੀਆਂ। ਸਹੀ ਇਲਾਜ ਨਾ ਹੋਣ ਕਰ ਕੇ ਸਰਕਾਰੀ ਹਸਪਤਾਲਾਂ ਦੇ ਨਸ਼ਾ ਛੁਡਾਊ ਕੇਂਦਰ ਖਾਲੀ ਪਏ ਰਹਿੰਦੇ ਹਨ। 
ਲੋਕ ਖੁਦ ਜਾਗਰੂਕ ਹੋ ਕੇ ਕਰਨ ਉਪਰਾਲੇ
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕ ਖੁਦ ਜਾਗਰੂਕ ਹੋਣ ਅਤੇ ਇਕੱਠੇ ਹੋ ਕੇ ਯੋਗ ਉਪਰਾਲੇ ਕਰਨ, ਕਿਉਂਕਿ ਨਸ਼ਿਆਂ ਦਾ ਰੁਝਾਨ ਬੇਹੱਦ ਮਾੜਾ ਹੈ ਅਤੇ ਇਸ ਦੇ ਖਾਤਮੇ ਲਈ ਇਕੱਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਨਾ। ਜੇਕਰ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸੁਪਨੇ ਪੂਰੇ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਸਭ ਵਰਗਾਂ ਦੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ਼ ਬੀੜਾ ਚੁੱਕਣ ਦੀ ਤੁਰੰਤ ਲੋੜ ਹੈ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਇਕ ਪਿੰਡ ਕੋਟਲੀ ਦੇ ਉਹ ਉੱਦਮੀ ਲੋਕ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਇਕੱਠੇ ਹੋ ਕੇ ਇਕ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਹੈ ਅਤੇ ਤੁਰੰਤ ਕਾਰਵਾਈ ਕਰਦਿਆਂ ਪਿੰਡ ‘ਚ ਨਸ਼ਾ ਵੇਚਣ ਆਏ ਵਿਅਕਤੀਆਂ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕੀਤਾ ਹੈ।
ਲੋਕਾਂ ਨੇ ਪੁਲਸ ਦੀ ਕਾਰਗੁਜ਼ਾਰੀ ‘ਤੇ ਚੁੱਕਿਆ ਸਵਾਲ
ਕੁਝ ਲੋਕਾਂ ਨੇ ਪੁਲਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ। ਕੁਝ ਥਾਵਾਂ ‘ਤੇ ਪੁਲਸ ਜਾਣ-ਬੁਝ ਕੇ ਨਸ਼ਿਆਂ ਦੀ ਹੋ ਰਹੀ ਵਿਕਰੀ ਨੂੰ ਬੰਦ ਨਹੀਂ ਕਰਵਾ ਰਹੀ। ਪਿੰਡ ਮਲੋਟ ਦੇ ਇਕ ਸਾਬਕਾ ਫੌਜੀ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਸ਼ਰੇਆਮ ਚਿੱਟਾ, ਨਸ਼ੇ ਵਾਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਵਿਕਦੀ ਹੈ ਪਰ ਪੁਲਸ ਇਸ ਧੰਦੇ ਨੂੰ ਬੰਦ ਨਹੀਂ ਕਰਵਾ ਸਕੀ। ਉਨ੍ਹਾਂ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉਹ ਅਤੇ ਉਸ ਨਾਲ ਕੁਝ ਸਾਬਕਾ ਫੌਜੀ ਅਤੇ ਪੰਚਾਇਤ ਦੇ ਨੁਮਾਇੰਦੇ ਮੌਜੂਦ ਸਨ, ਜ਼ਿਲੇ ਦੇ ਪੁਲਸ ਮੁਖੀ ਨੂੰ ਸ੍ਰੀ ਮੁਕਤਸਰ ਸਾਹਿਬ ਆ ਕੇ ਇਸ ਸਬੰਧੀ ਮਿਲੇ ਸਨ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਸ਼ੇ ਵਿਕਣੇ ਜਾਰੀ ਹਨ।

Leave a Reply

Your email address will not be published. Required fields are marked *

Back to top button