District NewsMalout News

ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਵਿਸਾਖ ਮਹੀਨੇ ਦੀ ਪੂਰਨਮਾਸ਼ੀ ਮਨਾਈ

ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਹਰ ਮਹੀਨੇ ਵਾਂਗ ਅੱਜ ਵਿਸਾਖ ਮਹੀਨੇ ਦੀ ਪੂਰਨਮਾਸ਼ੀ ਤੇ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪੰਰਤ ਹਜੂਰੀ ਰਾਗੀ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲਿਆਂ ਵੱਲੋਂ ਕੀਰਤਨ ਕੀਤਾ ਗਿਆ । ਭਾਈ ਜਗਮੀਤ ਸਿੰਘ ਜੀ ਖਾਲਸਾ ਲੰਬੀ ਵਾਲਿਆਂ ਦੇ ਜੱਥੇ ਵੱਲੋਂ ਵਿਸ਼ੇਸ਼ ਦੀਵਾਨ ਸਜਾਏ ਗਏ ਅਤੇ ਸੰਗਤ ਨੂੰ ਗੁਰਬਾਣੀ ਜੱਸ ਨਾਲ ਜੋੜਿਆ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ 4 ਮਈ ਨੂੰ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੀ ਜਿਸ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੈ । ਬਾਬਾ ਜੀ ਨੇ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਸਾਨੂੰ ਲਗਨ, ਸੇਵਾ ਅਤੇ ਦ੍ਰਿੜਤਾ ਦੀ ਪ੍ਰੇਰਨਾ ਮਿਲਦੀ ਹੈ।

ਬਾਬਾ ਜੀ ਨੇ ਪੂਰੀ ਸਾਖੀ ਸੁਣਾ ਕੇ ਦੱਸਿਆ ਕਿ ਕਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਵਡੇਰੀ ਉਮਰ ਵਿੱਚ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਹੱਥੀਂ ਸੇਵਾ ਕੀਤੀ ਅਤੇ ਫਿਰ ਗੁਰਗੱਦੀ ਪ੍ਰਾਪਤ ਹੋਈ । ਬਾਬਾ ਬਲਜੀਤ ਸਿੰਘ ਜੀ ਨੇ ਦੱਸਿਆ ਕਿ ਜਲਦ ਹੀ ਅੰਮ੍ਰਿਤ ਸੰਚਾਰ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਲਈ ਵੱਧ ਤੋਂ ਵੱਧ ਮਾਈ ਭਾਈ ਮਨ ਨੂੰ ਦ੍ਰਿੜ ਕਰਕੇ ਆਪਣਾ ਨਾਮ ਲਿਖਵਾਉਣ । ਉਹਨਾਂ ਨੌਜਵਾਨਾਂ ਨੂੰ ਵੀ ਅੰਮ੍ਰਿਤ ਛੱਕ ਕੇ ਸਿੱਖੀ ਦੇ ਸਕੂਲ ਵਿਚ ਦਾਖਲਾ ਲੈਣ ਦੀ ਬੇਨਤੀ ਕੀਤੀ ਤਾਂ ਜੋ ਗੁਰਬਾਣੀ ਤੋਂ ਸੇਧ ਲੈ ਕੇ ਆਪਣਾ ਅਗਲਾ ਜੀਵਨ ਸਵਾਰ ਸਕਣ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ ਨੇ ਸੰਗਤ ਨੂੰ ਚਲ ਰਹੀ ਦਰਬਾਰ ਹਾਲ ਦੀ ਸੇਵਾ ਵਿਚ ਤਨ, ਮਨ ਧਨ ਨਾਲ ਸੇਵਾ ਨਿਭਾਉਣ ਲਈ ਬੇਨਤੀ ਕੀਤੀ । ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਸੇਵਾਦਾਰਾਂ ਭਾਈ ਜਗਮੀਤ ਸਿੰਘ ਖਾਲਸਾ, ਭਾਈ ਸੁਰਿੰਦਰ ਸਿੰਘ ਬੱਗਾ, ਜੱਜਪਾਲ, ਗੁਰਪ੍ਰੀਤ ਸਿੰਘ ਅਤੇ ਸਵਰਨ ਸਿੰਘ ਦਾਨੇਵਾਲਾ ਸਮੇਤ ਵੱਡੀ ਗਿਣਤੀ ਸੰਗਤ ਹਾਜਰ ਸੀ।

Author: Malout Live

Back to top button