ਹਾਰ ਤੋਂ ਬਾਅਦ ਵਿੰਡੀਜ਼ ਦੇ ਕਪਤਾਨ ਹੋਲਡਰ ਨੇ ਦਿੱਤਾ ਵੱਡਾ ਬਿਆਨ
ਜਲੰਧਰ— ਵੈਸਟਇੰਡੀਜ਼ ਨੂੰ ਵਿਸ਼ਵ ਕੱਪ ਮੈਚ ਦੇ ਦੌਰਾਨ ਭਾਰਤ ਹੱਥੋਂ 125 ਦੌੜਾਂ ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੈਚ ਹਾਰਨ ਤੋਂ ਬਾਅਦ ਵਿੰਡੀਜ਼ ਟੀਮ ਦੇ ਕਪਤਾਨ ਜੇਸਨ ਹੋਲਡਰ ਨੇ ਕਿਹਾ ਕਿ ਸਾਨੂੰ ਬਹੁਤ ਮੌਕੇ ਮਿਲੇ ਪਰ ਅਸੀਂ ਉਨ੍ਹਾਂ ਨੂੰ ਗੁਆ ਦਿੱਤਾ। ਇਸ ਹਾਰ ਦਾ ਕਾਰਨ ਦੱਸਦੇ ਹੋਏ ਹੋਲਡਰ ਨੇ ਕਿਹਾ ਕਿ ਸਾਨੂੰ ਬੱਲੇਬਾਜ਼ੀ ‘ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਗੇਂਦਬਾਜ਼ਾਂ ‘ਤੇ ਹਾਰ ਦਾ ਦੋਸ਼ ਨਹੀਂ ਲਗਾ ਸਕਦੇ।
ਹੋਲਡਰ ਨੇ ਕਿਹਾ ਕਿ ਗੇਂਦਬਾਜ਼ਾਂ ਨੇ ਇਸ ਮੈਦਾਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਜਿੱਥੇ ਤਕ ਬੱਲੇਬਾਜ਼ੀ ਦੀ ਗੱਲ ਹੈ ਤਾਂ ਇਸ ‘ਚ ਅਸੀਂ ਵਧੀਆ ਨਹੀਂ ਕਰ ਸਕੇ। ਧੋਨੀ ਦਾ ਸਟੰਪ ਸਭ ਤੋਂ ਮਹੱਤਵਪੂਨ ਸੀ ਪਰ ਅਸੀਂ ਉਸ ਨੂੰ ਆਊਟ ਨਹੀਂ ਕਰ ਸਕੇ। ਇਸ ਟੂਰਨਾਮੈਂਟ ਨੇ ਸਾਨੂੰ ਥੱਲੇ ਭੇਜ ਦਿੱਤਾ ਹੈ। ਸਾਨੂੰ ਬਹੁਤ ਮੌਕੇ ਮਿਲੇ ਜਿਸ ਨੂੰ ਅਸੀਂ ਗੁਆ ਦਿੱਤਾ ਤੇ ਜਿਸ ਕਾਰਨ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੋਲਡਰ ਨੇ ਅੱਗੇ ਕਿਹਾ ਕਿ ਬੱਲੇਬਾਜ਼ੀ ਬਹੁਤ ਖਰਾਬ ਸੀ। ਸਾਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਹਲੀ ਤੇ ਧੋਨੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ 50 ਓਵਰਾਂ ‘ਚ 7 ਵਿਕਟਾਂ ‘ਤੇ 268 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਵਿੰਡੀਜ਼ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਢੇਰ ਹੋ ਗਈ ਤੇ 34.2 ਓਵਰਾਂ ‘ਚ 143 ਦੌੜਾਂ ਹੀ ਬਣਾ ਸਕੀ।