ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਰਹੇ ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਸੰਗਰੂਰ : ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ। ਉਹ 97 ਸਾਲਾਂ ਦੇ ਸਨ। ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਆਜ਼ਾਦ ਹਿੰਦ ਫੌਜ਼ ਦੇ ਮੁਖੀ ਨੇਤਾ ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਸਨ।ਮਿਲੀ ਜਾਣਕਾਰੀ ਅਨੁਸਾਰ ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦਾ ਅੰਤਿਮ ਸਸਕਾਰ ਸਥਾਨਕ ਉਭਵਾਲ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਹੈ। ਉਹ ਰੇਡੀਓ ‘ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀਆਂ ਦਲੀਲਾਂ ਤੋਂ ਇੰਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਨੂੰ ਇੰਡੀਅਨ ਨੈਸ਼ਨਲ ਆਰਮੀ ‘ਚ ਭਰਤੀ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਭਾਸ਼ ਚੰਦਰ ਬੋਸ ਦੀ ਡਰਾਈਵਰੀ ਕਰਨ ਦਾ ਵੀ ਮੌਕਾ ਮਿਲਿਆ ਸੀ।ਉਨ੍ਹਾਂ ਦੀ ਉਮਰ 97ਵੇਂ ਸਾਲ ਸੀ ਅਤੇ ਆਜ਼ਾਦੀ ਤੋਂ ਪਿੱਛੋਂ ਉਨ੍ਹਾਂ ਨੇ ਪਰਿਵਾਰ ਨੂੰ ਪਾਲਣ-ਪੋਸ਼ਣ ਲਈ 1960 ਤੋਂ 1993 ਤੱਕ ਇੱਕ ਪ੍ਰਾਈਵੇਟ ਬੱਸ ਦੀ ਡਰਾਇਵਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੰਗਰੂਰ ਬੱਸ ਅੱਡੇ ‘ਤੇ ਹਾਕਾਰ ਦਾ ਕੰਮ ਵੀ ਕੀਤਾ। ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦਾ ਜਨਮ ਮਹਿਲ ਕਲਾਂ ਦੀ ਧਰਤੀ ਨਾਨਕੇ ਘਰ 1 ਜਨਵਰੀ 1922 ਨੂੰ ਹੋਇਆ ਸੀ l ਉਨ੍ਹਾਂ ਦਾ ਜੱਦੀ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਸੀ ਤੇ ਅੱਜ ਕੱਲ੍ਹ ਉਹ ਸ਼ਹਿਰ ਸੰਗਰੂਰ ਵਿਖੇ ਰਹਿ ਰਹੇ ਸਨ। ਸੰਗਰੂਰ ਦੇ ਗੁਰਦੁਆਰਾ ਸਿੰਘ ਸਭਾ ਵਾਲੀ ਗਲੀ ‘ਚ ਰਹਿਣ ਵਾਲੇ ਗੁਰਦਿਆਲ ਸਿੰਘ ਨੇ ਵੀਰਵਾਰ ਨੂੰ ਸਵੇਰੇ 6 ਵਜੇ ਨਹਾਉਣ ਤੋਂ ਬਾਅਦ ਚਾਹ ਪੀਤੀ ਸੀ ,ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਪਰਿਵਾਰ ਦੇ ਦੱਸਣ ਮੁਤਾਬਕ ਉਸ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਸੀ।