District NewsMalout News

ਸੀ.ਐਚ.ਸੀ. ਦੋਦਾ ਵਿਖੇ ਮਨਾਇਆ ਗਿਆ ਜਿਲ੍ਹਾ ਪੱਧਰੀ ਰਾਸ਼ਟਰੀ ਡੇਂਗੂ ਦਿਵਸ

ਮਲੋਟ:- ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਸੀਮਾ ਗੋਇਲ ਅਤੇ ਡਾ ਵਿਕਰਮ ਅਸੀਜਾ ਜਿਲ੍ਹਾ ਐਪੀਡਮੈਲੋਜਿਸਟ ਦੀ ਦੇਖ ਰੇਖ ਵਿੱਚ ਜਿਲ੍ਹਾ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਪੱਧਰੀ ਰਾਸ਼ਟਰੀ ਡੇਂਗੂ ਦਿਵਸ ਸੀ.ਐਚ.ਸੀ. ਦੋਦਾ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿੱਚ ਡਾ ਰੰਜੂ ਸਿੰਗਲਾ ਸਿਵਿਲ ਸਰਜਨ ਨੇ ਕੀਤਾ। ਇਸ ਸਮੇਂ ਜਾਣਕਾਰੀ ਦਿੰਦਿਆਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਹਰੇਕ ਸਾਲ ਡੇਂਗੂ ਦੇ ਬਹੁਤ ਮਰੀਜ਼ ਪਾਏ ਜਾਂਦੇ ਹਨ। ਕਈ ਵਾਰ ਤਾਂ ਡੇਂਗੂ ਨਾਲ ਮੌਤਾਂ ਵੀ ਹੋ ਜਾਂਦੀਆਂ ਹਨ। ਇਸ ਲਈ ਡੇਂਗੂ ਦੀ ਬਿਮਾਰੀ ਨੂੰ ਕੰਟਰੋਲ ਕਰਨ ਦੀ ਲੋੜ ਹੈ। ਸਿਹਤ ਵਿਭਾਗ ਵੱਲੋਂ ਹਰੇਕ ਸਾਲ ਮਈ ਮਹੀਨਾ ਡੇਂਗੂ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਅਤੇ 16 ਮਈ ਨੂੰ ਵਿਸ਼ਵ ਡੇਂਗੂ ਦਿਵਸ ਵਜੋਂ ਮਨਾਇਆ ਜਾਂਦਾ ਹੈ।  16 ਮਈ ਡੇਂਗੂ ਦਿਵਸ ਮਨਾਉਣ ਦਾ ਮਕਸਦ ਇਸ ਦਿਨ ਆਮ ਲੋਕਾਂ, ਸਕੂਲਾਂ ਵਿੱਚ ਅਤੇ ਪਬਲਿਕ ਥਾਵਾਂ ਤੇ ਲੋਕਾਂ ਨੂੰ ਡੇਂਗੂ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਨਾ ਹੈ। ਅੱਜ ਜਿਲ੍ਹੇ ਵਿੱਚ ਡੇਂਗੂ ਬਿਮਾਰੀ ਸੰਬੰਧੀ ਮਾਸ ਮੀਡੀਆ ਵਿੰਗ, ਮਲੇਰੀਆ ਵਿੰਗ ਅਤੇ ਬਲਾਕ ਐਕਟੈਨਸ਼ਨ ਐਜੂਕੇਟਰ, ਹੈਲਥ ਇੰਸਪੈਕਟਰ, ਐੱਮ.ਪੀ.ਐੱਚ.ਡਬਲਿਯੂ (ਮੇਲ), ਸਵੈ ਸੇਵੀ ਸੰਸਥਾਵਾਂ ਦੇ ਮੈਂਬਰਾਂ ਅਤੇ ਹੋਰ ਸਿਹਤ ਸਟਾਫ਼ ਵੱਲੋ ਡੇਂਗੂ ਸੰਬੰਧੀ ਸਪੈਸ਼ਲ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਡਾ. ਦੀਪਕ ਰਾਏ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਅੱਜ ਦੇ ਦਿਨ ਦਾ ਥੀਮ ਹੈ “ਡੇਂਗੂ ਰੋਕਥਾਮ ਯੋਗ ਹੈ, ਆਓ ਹੱਥ ਮਿਲਾਈਏ ਰੱਖਿਆ ਹੈ। ਉਹਨਾਂ ਕਿਹਾ ਕਿ ਡੇੱਗੂ ਇਲਾਜਯੋਗ ਹੈ, ਜਾਣਕਾਰੀ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਪ੍ਰੰਤੂ ਅਣਗਹਿਲੀ ਕਰਨ ਤੇ ਘਾਤਕ ਵੀ ਸਾਬਿਤ ਹੋ ਸਕਦਾ ਹੈ। ਸਿਹਤ ਵਿਭਾਗ ਵੱਲੋਂ ਨੈਸ਼ਨਲ ਵੈਕਟਰ ਬੌਰਨ ਡਜੀਜ਼ ਕੰਟਰੋਲ ਪ੍ਰੋਗ੍ਰਾਮ ਅਧੀਨ ਡੇੱਗੂ, ਮਲੇਰੀਆਂ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਲਗਾਤਾਰ ਚੇਤਨਾ ਗਤੀਵਿਧੀਆਂ ਕਰਨ ਦੇ ਨਾਲ ਨਾਲ ਲੋਂੜੀਦੇ ਪ੍ਰਬੰਧ ਕੀਤੇ ਗਏ ਹਨ। ਡਾ. ਸੀਮਾ ਗੌਇਲ ਜਿਲ੍ਹਾ ਐਪੀਡਮੈਲੋਜਿਸਟ ਨੇ ਦੱਸਿਆ ਕਿ ਕਿ ਡੇੱਗੂ ਏਡੀਜ਼ ਅਜਿਪਟੀ ਮੱਛਰ ਨਾਲ ਫੈਲਦਾ ਹੈ। ਇਹ ਮੱਛਰ ਇੱਕ ਹਫ਼ਤੇ ਤੋਂ ਜਿਆਦਾ ਸਮੇਂ ਤੱਕ ਖੜੇ ਸਾਫ਼ ਪਾਣੀ ਤੇ ਪੈਦਾ ਹੁੰਦਾ ਹੈ, ਅਤੇ ਇੱਕ ਹਫ਼ਤੇ ਦੇ ਵਿੱਚ ਅੰਡੇ ਤੋਂ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਉਹਨਾਂ ਦੱਸਿਆ ਕਿ ਜਦੋਂ ਵੀ ਲੋਕਾਂ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਸਮੇਂ ਸਿਰ ਲੋਂੜੀਦੀਆਂ ਸਾਵਧਾਨੀਆਂ ਨਹੀਂ ਵਰਤੀਆਂ ਜਾਂਦੀਆਂ ਉਦੋਂ ਡੇਂਗੂ ਦਾ ਮੱਛਰ ਬਹੁਤਾਤ ਵਿੱਚ ਪੈਦਾ ਹੋਣ ਕਾਰਣ ਸਮੁਦਾਇ ਲਈ ਖਤਰਾ ਬਣਦਾ ਹੈ ਅਤੇ ਕੇਸਾਂ ਦੀ ਗਿਣਤੀ ਵੱਧਣੀ ਸ਼ੁਰੂ ਹੋ ਜਾਂਦੀ ਹੈ। ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਲਾਲ ਚੰਦ ਜਿਲ੍ਹਾ ਹੈਲਥ ਇਸੰਪੈਕਟਰ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਵਿੱਦਿਅਕ ਸੰਸਥਾਵਾਂ ਦੇ ਮੁਖੀ ਅਤੇ ਸੰਬੰਧਿਤ ਸਿਹਤ ਸਟਾਫ਼ ਵੱਲੋਂ ਹਰ ਸ਼ੁੱਕਰਵਾਰ ਡ੍ਰਾਈ-ਡੇ ਮਨਾਇਆ ਜਾਣਾ ਚਾਹੀਦਾ ਹੈ। ਉਸ ਦਿਨ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟ੍ਰੇਆਂ, ਹੋਰ ਪਾਣੀ ਦੇ ਬਰਤਨਾਂ ਨੂੰ ਚੰਗੀ ਤਰ੍ਹਾਂ ਖਾਲੀ ਕਰਕੇ ਸੁਕਾਅ ਕੇ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਨੀਵੀਆਂ ਥਾਵਾਂ ਤੇ ਮਿੱਟੀ ਪਾ ਕੇ ਪੂਰ ਦੇਣੀਆਂ ਚਾਹੀਦੀਆਂ ਹਨ। ਜਿਨ੍ਹਾਂ ਥਾਵਾਂ ਛੱਪੜਾਂ, ਟੋਬਿਆਂ ਆਦਿ ਤੋਂ ਪਾਣੀ ਸਾਫ਼ ਨਹੀਂ ਕੀਤਾ ਜਾ ਸਕਦਾ, ਉਥੇ ਹਰ ਹਫ਼ਤੇ ਕਾਲਾ ਸੜਿਆ ਹੋਇਆ ਤੇਲ ਪਾਉਣਾ ਚਾਹੀਦਾ ਹੈ। ਸੋਣ ਲੱਗਿਆ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ ਅਤੇ ਸਰੀਰ ਢੱਕਣੇ ਕੱਪੜੇ ਪਾਓ। ਇਸ ਸਮੇਂ ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਪੈਂਫਲਿਟ ਵੀ ਜਾਰੀ ਕੀਤਾ। ਇਸ ਸਮੇਂ ਡਾ. ਰੋਬਿਨ, ਚਰਨਜੀਤ ਸਿੰਘ, ਗੌਰਵ, ਸੁਖਪਾਲ ਕੌਰ ਹਾਜ਼ਰ ਸਨ।

Author : Malout Live

Leave a Reply

Your email address will not be published. Required fields are marked *

Back to top button