ਸਿੱਖਿਆ ਵਿਭਾਗ ਵਲੋਂ 65 ਲੋਕਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀਆਂ
ਸਿੱਖਿਆ ਵਿਭਾਗ, ਪੰਜਾਬ ਵਲੋਂ ਅਜਿਹੇ 65 ਉਮੀਦਵਾਰਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਨੌਕਰੀ ਦੌਰਾਨ ਮੌਤ ਹੋ ਗਈ ਸੀ। ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ‘ਚ ਬੁੱਧਵਾਰ ਸ਼ਾਮ ਨੂੰ ਨਿਯੁਕਤੀ ਪੱਤਰ ਸੌਂਪਦਿਆਂ, ਸਿੱਖਿਆ ਮੰਤਰੀ, ਪੰਜਾਬ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਵਿਭਾਗ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਕਰਮਚਾਰੀਆਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣਾ ਸਿਰਫ਼ ਵਿਭਾਗੀ ਕਾਰਵਾਈ ਨਹੀਂ ਹੈ, ਸਗੋਂ ਨੈਤਿਕ ਜਿੰਮੇਵਾਰੀ ਵੀ ਹੈ। ਇਸ ਲਈ ਉਨ੍ਹਾਂ ਇਸ ਸਬੰਧੀ ਮਾਮਲਿਆਂ ਨੂੰ ਛੇਤੀ ਨਿਪਟਾਉਣ ਦੀ ਹਦਾਇਤ ਕੀਤੀ। ਨਵੇਂ ਭਰਤੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ, ਉਨ੍ਹਾਂ ਨੇ ਉਮੀਦਵਾਰਾਂ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਆਪਣਾ ਕੰਮ ਕਰਨ ਲਈ ਪ੍ਰੇਰਿਆ। ਸਿੱਖਿਆ ਵਿਭਾਗ ਵਲੋਂ 1 ਪੰਜਾਬੀ ਅਤੇ 1 ਵਿਗਿਆਨ ਅਧਿਆਪਕਾ, 23 ਕਲਰਕਾਂ, 22 ਲਾਇਬ੍ਰੇਰੀ ਰੀਸਟੋਰਰਜ਼, 4 ਚਪੜਾਸੀਆਂ, 7 ਚੌਕੀਦਾਰਾਂ ਅਤੇ 7 ਸਫ਼ਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।