ਸਾਬਕਾ ਸੈਨਿਕ ਸਾਂਝਾ ਮੋਰਚਾ ਪੰਜਾਬ ਵੱਲੋਂ ਅੱਜ ਤੋਂ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ
ਮਲੋਟ:- ਸਾਬਕਾ ਸੈਨਿਕਾਂ ਵੱਲੋਂ ਅੱਜ ਤੋਂ ਮਲੋਟ ਰੋਡ ਸਥਿਤ ਜੁੜਵਾਂ ਨਹਿਰਾਂ ‘ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਰਪਾਲ ਸਿੰਘ ਬਾਦੀਆਂ ਨੇ ਦੱਸਿਆ ਕਿ 9 ਫਰਵਰੀ ਨੂੰ ਸੂਬੇਦਾਰ ਅਵਤਾਰ ਸਿੰਘ ਫਕਰਸਰ ਕਿਸੇ ਕੰਮ ਲਈ ਥਾਣਾ ਗਿੱਦੜਬਾਹਾ ਗਏ ਸਨ, ਜਿੱਥੇ ਉਸ ਸਮੇਂ ਦੇ ਥਾਣਾ ਮੁੱਖੀ ਮਨਿੰਦਰ ਸਿੰਘ ਨੇ ਸਾਬਕਾ ਸੈਨਿਕਾਂ ਦੇ ਬੱਚਿਆਂ ਸੰਬੰਧੀ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ, ਜਿਸ ਦੇ ਸੰਬੰਧ ‘ਚ ਸਾਬਕਾ ਸੈਨਿਕ ਸਾਂਝਾ ਮੋਰਚਾ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਣਾ ਹੈ ਅਤੇ ਇਸ ਸੰਬੰਧੀ ਲਿਖਤੀ ਰੂਪ ਵਿੱਚ ਜਾਣਕਾਰੀ ਐੱਸ.ਡੀ.ਐੱਮ ਗਗਨਦੀਪ ਸਿੰਘ ਨੂੰ ਦਿੱਤੀ ਗਈ ਹੈ
ਕਿਉਂਕਿ 21 ਮਾਰਚ ਵਾਲੇ ਧਰਨੇ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਮੋਰਚੇ ਨੂੰ ਭਰੋਸਾ ਦਿਵਾਇਆ ਸੀ ਕਿ 11 ਅਪ੍ਰੈਲ ਤੱਕ ਉਕਤ ਐੱਸ.ਐੱਚ.ਓ ਮਨਿੰਦਰ ਸਿੰਘ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਪ੍ਰਸ਼ਾਸਨ ਨੇ ਸਾਬਕਾ ਫ਼ੌਜੀਆਂ ਨੂੰ ਨਿਰਾਸ਼ ਕਰਦੇ ਹੋਏ ਮਨਿੰਦਰ ਸਿੰਘ ਨੂੰ ਕੁੱਝ ਦਿਨ ਪਹਿਲਾਂ ਥਾਣਾ ਲੰਬੀ ਦਾ ਇੰਚਾਰਜ ਲਗਾ ਦਿੱਤਾ, ਜਿਸ ਨਾਲ ਪੰਜਾਬ ਦੇ ਸਮੂਹ ਸਾਬਕਾ ਸੈਨਿਕਾਂ ਦੇ ਮਨਾ ‘ਤੇ ਵੱਡੀ ਸੱਟ ਵੱਜੀ ਹੈ। ਇਸ ਸੰਬੰਧੀ ਪੰਜਾਬ ਦੀਆਂ ਸਾਰੀਆਂ ਸਾਬਕਾ ਸੈਨਿਕ ਜੱਥੇਬੰਦੀਆਂ ਵੱਲੋਂ ਇੱਕ ਸਾਂਝਾ ਮੋਰਚਾ ਬਣਾ ਕੇ ਧਰਨੇ ਦਾ ਐਲਾਨ ਕਰ ਦਿੱਤਾ ਜੋ ਅੱਜ ਸਵੇਰੇ 9 ਵਜੇ ਸ਼ੁਰੂ ਹੋ ਗਿਆ ਹੈ। ਇਸ ਮੌਕੇ ਅਵਤਾਰ ਸਿੰਘ ਫਕਰਸਰ, ਫੁਲੇਲ ਸਿੰਘ ਕੋਟਭਾਈ, ਬਲਬੀਰ ਸਿੰਘ ਕੋਟਭਾਈ, ਪਾਲਾ ਸਿੰਘ ਮਧੀਰ ਅਤੇ ਕਿਰਪਾਲ ਸਿੰਘ ਬਾਦੀਆਂ ਮੌਜੂਦ ਸਨ।
Author : Malout Live