ਸਰਕਾਰ ਸਿਹਤ ਮੁਲਾਜਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇ- ਜਗਸੀਰ ਸਿੰਘ ਸ਼ੇਰੇਵਾਲਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਮ.ਪ.ਹੈਲਥ ਇੰਮਪਲਾਇਜ ਮੇਲ/ ਫੀਮੇਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸ਼ੇਰੇਵਾਲਾ ਨੇ ਕਿਹਾ ਕਿ ਮਹਿੰਗਾਈ ਦੇ ਵੱਧਣ ਨਾਲ ਮੁਲਾਜ਼ਮਾ ਨੂੰ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੀ ਸਰਕਾਰ ਵੱਲੋਂ ਜੋ ਲੰਗੜਾ ਪੇਅ-ਕਮਿਸ਼ਨ ਲਾਗੂ ਕੀਤਾ ਗਿਆ ਸੀ, ਉਸ ਦੀਆਂ ਤੱਰੁਟੀਆਂ ਨੂੰ ਦੂਰ ਕੀਤਾ ਜਾਵੇ, ਕੱਟੇ ਭੱਤੇ ਬਹਾਲ ਕੀਤੇ ਜਾਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਐੱਫ.ਟੀ.ਏ ਪੇਂਡੂ ਭੱਤਾ 4-9-14 ਨੂੰ ਮੁੜ ਲਾਗੂ ਕੀਤਾ ਜਾਵੇ। ਮੁਲਾਜ਼ਮਾਂ ਦਾ ਪਰਖ ਕਾਲ ਸਮ੍ਹਾਂ ਦੋ ਸਾਲ ਕੀਤਾ ਜਾਵੇ ਅਤੇ ਪਰਖ ਕਾਲ ਸਮੇਂ ਵਿੱਚ ਪੂਰੀ ਤਨਖ਼ਾਹ ਦਿੱਤੀ ਜਾਵੇ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਜੋ ਵੀ ਮੰਗਾਂ ਹਨ, ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਇਸ ਮੌਕੇ ਬਲਾਕ ਆਲਮਵਾਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੱਚੇ ਕਾਮੇ ਪੱਕੇ ਕਰਨ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਬਰਾਬਰ ਕੰਮ ਬਰਾਬਰ ਤਨਖ਼ਾਹ ਦਿੱਤੀ ਜਾਵੇ। ਸੁਖਜੀਤ ਸਿੰਘ ਆਲਮਵਾਲਾ ਸੂਬਾ ਆਗੂ ਨੇ ਕਿਹਾ ਕਿ ਸਰਕਾਰ ਨਵੀਂ ਭਰਤੀ ਕਰਨ ਤੋਂ ਪਹਿਲਾਂ ਐੱਨ.ਐੱਚ.ਐੱਮ ਤੇ 2211 ਅਧੀਨ ਕੰਮ ਕਰਦੀਆ ਮ.ਪ.ਹ.ਵ ਫੀਮੇਲ ਨੂੰ ਖਾਲੀ ਪਈਆਂ ਪੋਸਟਾਂ ਉੱਪਰ ਲਗਾਇਆ ਜਾਵੇ ਤੇ ਉਸ ਤੋਂ ਬਾਅਦ ਬਾਕੀ ਬਚੀਆਂ ਪੋਸਟਾਂ ਉੱਪਰ ਨਵੀਂ ਭਰਤੀ ਕੀਤੀ ਜਾਵੇ। ਭਗਵਾਨ ਦਾਸ ਜ਼ਿਲ੍ਹਾ ਪ੍ਰੈੱਸ ਸਕੱਤਰ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਮ.ਪ.ਕੇਡਰ ਨੇ ਆਪਣਾ ਅਹਿਮ ਯੋਗਦਾਨ ਪਾਇਆ। ਇਸ ਲਈ ਕੇਡਰ ਨੂੰ ਵਿਸ਼ੇਸ਼ ਇੰਕਰੀਮੈਂਟ ਦਿੱਤਾ ਜਾਵੇ। ਇਸ ਮੌਕੇ ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮ.ਪ.ਹ.ਸ ਮੇਲ ਯੂਨੀਅਨ ਮੁਕਤਸਰ, ਪਵਿੱਤਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਜਾਬ ਸਿਹਤ ਮੁਲਾਜਮ ਸਾਂਝਾ ਫਰੰਟ ਵਿਸ਼ੇਸ਼ ਤੌਰ ‘ਤੇ ਹਾਜਿਰ ਸਨ।