ਵਿਸ਼ਵ ਨੋ-ਤੰਬਾਕੂ ਦਿਵਸ ਦੇ ਸਬੰਧ ਵਿੱਚ ਸਿਹਤ ਵਿਭਾਗ ਵੱਲੋਂ ਕੀਤੇ ਗਏ ਸਮਾਗਮ
ਤੰਬਾਕੂ ਦੀ ਵਰਤੋਂ ਨਾਲ ਕੋਵਿਡ-19 ਦਾ ਖਤਰਾ ਹੋਰ ਵੱਧ ਜਾਂਦਾ ਹੈ: ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ:- ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ ਬਲਵੀਰ ਸਿੰਘ ਸਿੱਧੂ ਅਤੇ ਜਿਲ੍ਹਾ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾਂ ਦਿਰਦੇਸ਼ਾਂ ਹੇਠ ਅਤੇ ਡਾ. ਕੰਵਰਜੀਤ ਸਿੰਘ ਜਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈਲ ਦੀ ਦੇਖ ਰੇਖ ਵਿੱਚ ਵਿਸ਼ਵ ਨੋ-ਤੰਬਾਕੂ ਦਿਵਸ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਪਾਰਕ ਅਤੇ ਰੇਲਵੇ ਫਾਟਕ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਸਮਾਗਮ ਕੀਤੇ ਗਏ।
ਇਸ ਸਾਲ ਵਿਸ਼ਵ ਨੋ-ਤੰਬਾਕੂ ਦਿਵਸ ਦਾ ਥੀਮ ਨੌਜਵਾਨਾਂ ਨੂੰ ਤੰਬਾਕੂ ਉਦਯੋਗ ਦੀ ਹੇਰਾਫੇਰੀ, ਤੰਬਾਕੂ ਅਤੇ ਨਿਕੋਟੀਨ ਤੋਂ ਬਚਾਉਣਾ ਹੈ। ਇਸ ਸਮੇਂ ਸਿਹਤ ਵਿਭਾਗ ਤੋਂ ਗੁਰਤੇਜ਼ ਸਿੰਘ, ਵਿਨੋਦ ਖੁਰਾਣਾ ਅਤੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਲਾਲ ਚੰਦ ਅਤੇ ਭਗਵਾਨ ਦਾਸ ਜਿਲ੍ਹਾ ਹੇੈਲਥ ਇੰਸਪੈਕਟਰ, ਕੁਲਵੰਤ ਸਿੰਘ, ਸੰਦੀਪ ਕੁਮਾਰ, ਬਲਵਿੰਦਰ ਸਿੰਘ ਨੇ ਸਮਾਗਮ ਦੌਰਾਨ ਦੱਸਿਆ ਕਿਹਾ ਕਿ ਭਾਰਤ ਵਿੱਚ ਅਜੇ ਵੀ 35 ਫੀਸਦੀ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ, ਜ਼ਿਨ੍ਹਾਂ ਵਿੱਚੋਂ 9 ਫੀਸਦੀ ਬੀੜੀ ਸਿਗਰਟ ਪੀਂਦੇ ਹਨ, 21 ਫੀਸਦੀ ਖਾਣ ਵਾਲਾ ਤੰਬਾਕੂ ਵਰਤਦੇ ਹਨ ਅਤੇ 5 ਫੀਸਦੀ ਲੋਕ ਬੀੜੀ ਸਿਗਰਟ ਪੀਣ ਦੇ ਨਾਲ ਨਾਲ ਖਾਣ ਵਾਲਾ ਤੰਬਾਕੂ ਵੀ ਵਰਤਦੇ ਹਨ। ਉਹਨਾਂ ਦੱਸਿਆ ਕਿ ਹਰ ਰੋਜ਼ ਪੰਜਾਬ ਵਿੱਚ ਔਸਤਨ 48 ਵਿਅਕਤੀ ਅਤੇ ਭਾਰਤ ਵਿੱਚ 2200 ਲੋਕ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ। ਹਰ ਰੋਜ਼ 5500 ਨਵੇਂ ਬੱਚੇ ਤੰਬਾਕੂ ਦੀ ਆਦਤ ਸਹੇੜ ਲੈਂਦੇ ਹਨ। ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਪੜ੍ਹਦੇ 13 ਤੋ 15 ਸਾਲ ਦੇ ਕੁਲ ਬੱਚਿਆਂ ਵਿੱਚੋਂ 14 ਪ੍ਰਤੀਸ਼ਤ ਬੱਚੇ ਤੰਬਾਕੂ ਦਾ ਸੇਵਨ ਕਰਦੇ ਹਨ, 4 ਫੀਸਦੀ ਬੱਚੇ ਸਿਗਰੇਟ ਜਾਂ ਬੀੜੀ ਪੀਂਦੇ ਹਨ ਅਤੇ 22 ਫੀਸਦੀ ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਸਾਹਮਣੇ ਘਰਾਂ ਵਿੱਚ ਤੰਬਾਕੂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹ ਵੀ ਤੰਬਾਕੂ ਦੇ ਧੂੰਏ ਦੇ ਮਾਰੂ ਅਸਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਲਗਭਗ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ। ਤੰਬਾਕੂ ਦੇ ਸੇਵਨ ਨਾਲ ਮੂੁੰਹ, ਗਲ੍ਹੇ, ਖੁਰਾਕ ਨਲੀ, ਫੇਫੜਿਆਂ ਅਤੇ ਪੇਟ ਆਦਿ ਦਾ ਕੈਂਸਰ ਹੁੰਦਾ ਹੈ, ਕਿਉਂਕ ਇਸ ਵਿੱਚ ਨਿਕੋਟੀਨ ਸਹਿਤ ਹੋਰ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਤੰਬਾਕੂ ਦੀ ਲਗਾਤਾਰ ਵਰਤੋਂ ਕਾਰਣ ਦਿਲ ਦਾ ਦੌਰਾ, ਲਹੂ ਨਾੜੀਆਂ ਦਾ ਰੋਗ, ਹਾਈ ਬਲੱਡ ਪ੍ਰੈਸ਼ਰ, ਗੁਰਦੇ ਦੀ ਬਿਮਾਰੀ, ਸ਼ੂਗਰ ਆਦਿ ਹੋ ਸਕਦੇ ਹਨ, ਤੰਬਾਕੂ ਨਾਲ ਮਰਦਾਂ ਵਿੱਚ ਨਿਪੁੰਨਸਕਤਾ ਅਤੇ ਪ੍ਰਜ਼ਨਨ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ, ਗਰਭ ਅਵਸਥਾ ਦੌਰਾਨ ਤੰਬਾਕੂ ਦਾ ਸੇਵਨ ਕਰਨ ਨਾਲ ਘੱਟ ਭਾਰ ਵਾਲੇ ਬੱਚੇ ਦਾ ਜਨਮ ਹੁੰਦਾ ਹੈ।
ਕੋਟਪਾ ਐਕਟ ਅਧੀਨ ਭਾਰਤ ਵਿੱਚ ਸਾਲ 2003 ਵਿੱਚ ਸਿਗਰਟ ਅਤੇ ਦੂਜੇ ਤੰਬਾਕੂ ਉਤਪਾਦ ਐਕਟ (ਕੋਟਪਾ) ਪਾਸ ਕੀਤਾ ਗਿਆ ਹੈ, ਜਿਸ ਅਧੀਨ ਵੱਖ ਵੱਖ ਧਾਰਾਵਾਂ ਹੋਂਦ ਵਿੱਚ ਲਿਆਂਦੀਆਂ ਗਈਆਂ ਹਨ। ਜਿਨ੍ਹਾਂ ਵਿੱਚੋਂ ਧਾਰਾ 4 ਅਧੀਨ ਜਨਤਕ ਸਥਾਨਾਂ ਤੇ ਧੂਮਰਪਾਨ ਕਰਨ ਦੀ ਸਖ਼ਤ ਮਨਾਹੀ ਹੈ। ਉਲੰਘਨਾ ਕਰਨ ਵਾਲੇ ਨੁੰ 200 ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਸਬੰਧਿਤ ਸੰਸਥਾ ਦੇ ਮੁਖੀ ਨੂੰ 200 ਰੁਪਏ ਪ੍ਰਤੀ ਦੋਸ਼ੀ ਦੇ ਹਿਸਾਬ ਨਾਲ ਜੁਰਮਾਨੇ ਕੀਤੇ ਜਾ ਸਕਦੇ ਹਨ। ਧਾਰਾ 5 ਅਧੀਨ ਕਿਸੇ ਵੀ ਤੰਬਾਕੂ ਪਦਾਰਥ ਦੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ। ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਜੁਰਮਾਨਾ ਅਤੇ ਸਜ਼ਾ ਕੀਤੀ ਜਾਂਦੀ ਹੈ। ਧਾਰਾ 6ਏ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਵੇਚਣ ਅਤੇ ਖਰੀਦਣ ਦੀ ਮਨ੍ਹਾਹੀ ਹੈ। ਧਾਰਾ 6ਬੀ ਅਨੁਸਾਰ ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਕਰਨਾ ਅਪਰਾਧ ਹੈ। ਹੁੱਕਾ ਬਾਰ ਲਈ 50 ਹਜਾਰ ਰੁਪਏ ਦਾ ਜੁਰਮਾਨਾ ਅਤੇ 3 ਸਾਲ ਦੀ ਸਜ਼ਾ, ਈ-ਸਿਗਰੇਟ ਲਈ 50 ਹਜ਼ਾਰ ਦਾ ਜੁਰਮਾਨਾ ਅਤੇ 6 ਸਾਲ ਦੀ ਜੇਲ੍ਹ ਹੋ ਸਕਦੀ ਹੈ। ਸੁਖਮੰਦਰ ਸਿੰਘ ਅਤੇ ਲਾਲ ਚੰਦ ਨੇ ਦੱਸਿਆ ਕਿ ਤੰਬਾਕੂ ਦੀ ਵਰਤੋਂ ਕੋਰੋਨਾ ਵਾਇਰਸ ਦਾ ਕਾਰਣ ਬਣ ਸਕਦੀ ਹੈ। ਦੂਜੇ ਲੋਕਾਂ ਦੇ ਮੁਕਾਬਲੇ ਤੰਬਾਕੂ ਵਰਤਣ ਵਾਲੇ ਲੋਕਾਂ ਨੁੂੰ ਕੋਰੋਨਾ ਵਾਇਰਸ ਦਾ ਜ਼ਿਆਦਾ ਖਤਰਾ ਹੁੰਦਾ ਹੈ, ਕਿਉਂਕਿ ਤੰਬਾਕੂ ਵਰਤਣ ਵਾਲੇ ਲੋਕਾਂ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ। ਸਿਹਤ ਵਿਭਾਗ ਵੱਲੋਂ ਪੁਲਿਸ ਵਿਭਾਗ, ਸਿੱਖਿਆ ਵਿਭਾਗ, ਪੰਚਾਇਤ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜਿਲ੍ਹੇ ਵਿੱਚ 80 ਪਿੰਡਾਂ ਨੂੰ ਤੰਬਾਕੂ ਮੁਕਤ ਕੀਤਾ ਗਿਆ ਹੈ। ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੁੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਤੰਬਾਕੂ ਮੁਕਤ ਕਰਵਾਉਣ ਲਈ ਸਿਹਤ ਸਟਾਫ਼ ਨਾਲ ਸੰਪਰਕ ਕਰਨ, ਤਾਂ ਜ਼ੋ ਅਸੀਂ ਸਮਾਜ ਵਿੱਚੋਂ ਤੰਬਾਕੂ ਵਰਗੀ ਆਦਤ ਨੂੰ ਖਤਮ ਕਰ ਸਕੀਏ।
ਇਸ ਸਮੇਂ ਕਾਸਮ ਅਲੀ, ਗੁਰਜੰਟ ਸਿੰਘ ਅਤੇ ਗੁਰਸੇਵਕ ਸਿੰਘ ਏ.ਐਸ.ਆਈ ਨੇ ਦੱਸਿਆ ਕਿ ਪੁਲਿਸ ਵਿਭਾਗ ਦੁਆਰਾ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਦੋਸ਼ੀਆਂ ਨੂੰ ਮੌਕੇ ਤੇ ਜੁਰਮਾਨੇ ਕੀਤੇ ਜਾਣਗੇ। ਅਗਰ ਕੋਈ ਜੁਰਮਾਨਾ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉੁਸ ਦਾ ਚਲਾਨ ਕੀਤੇ ਜਾਣਗੇ। ਉਹਨਾ ਸਿਹਤ ਵਿਭਾਗ ਨੁੰ ਪੂਰਨ ਸਹਿਯੋਗ ਦੇਣ ਲਈ ਵਾਅਦਾ ਕੀਤਾ। ਇਸ ਮੌਕੇ ਕੋਰੋਨਾ ਵਾਇਰਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਮਾਸਕ ਨਾ ਪਹਿਨਣ ਅਤੇ ਜਨਤਕ ਥਾਵਾਂ ਤੇ ਥੁੱਕਣ ਵਾਲਿਆਂ ਨੁੰ 500 ਰੁਪਏ, ਇਕਾਂਤਵਾਸ ਦੀ ਉਲੰਘਣਾ ਕਰਨ ਵਾਲਿਆਂ ਨੂੰ 2000 ਰੁਪਏ ਜੁਰਮਾਨਾ ਕੀਤੇ ਜਾ ਰਹੇ ਹਨ। ਇਸ ਲਈ ਆਪਣੀ ਅਤੇ ਲੋਕਾਂ ਦੀ ਸੁਰੱਖਿਆ ਲਈ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਪਾਉਣੇ ਯਕੀਨੀ ਬਨਾਏ ਜਾਣ।