ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਮੋਗਾ : ਵਿਜੀਲੈਂਸ ਬਿਊਰੋ ਪੰਜਾਬ ਨੇ ਇੱਕ ਸਹਾਇਕ ਥਾਣੇਦਾਰ ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਏ.ਐੱਸ.ਆਈ. ਗੁਰਪ੍ਰੀਤ ਸਿੰਘ ਧਰਮਕੋਟ ਵਿਖੇ ਥਾਣੇ ‘ਚ ਤਾਇਨਾਤ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਮੋਗਾ ਦੇ ਡੀ.ਐੱਸ.ਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਰਗੋਬਿੰਦ ਸਿੰਘ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਰੇਂਜ ਦੇ ਨਿਰਦੇਸ਼ਾਂ ‘ਤੇ ਥਾਣਾ ਧਰਮਕੋਟ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ । ਉਨਾਂ ਦੱਸਿਆ ਕਿ ਸੁਖਮੰਦਰ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਗੁਰਦੀਪ ਸਿੰਘ ਅਤੇ ਵਰਿੰਦਰ ਸਿੰਘ ਨਾਲ ਝਗੜਾ ਚੱਲਦਾ ਆ ਰਿਹਾ ਸੀ, ਜਿਸ ਕਾਰਨ ਉਸਨੇ ਥਾਣਾ ਸਿਟੀ ਧਰਮਕੋਟ ਵਿੱਚ ਸ਼ਿਕਾਇਤਾਂ ਦਿੱਤੀਆਂ ਹੋਈਆਂ ਸਨ।ਜਿਸਦੀ ਜਾਂਚ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਸੀ ।ਇਸ ਦੌਰਾਨ ਸ਼ਿਕਾਇਤ ਕਰਤਾ ਸੁਖਮੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਮੋਗਾ ਨੂੰ ਦੱਸਿਆ ਕਿ ਸਹਾਇਕ ਥਾਣੇਦਾਰ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਉਹ ਥਾਣੇਦਾਰ ਨੂੰ 10 ਹਜ਼ਾਰ ਰੁਪਏ ਦੇਣ ਲਈ ਰਾਜ਼ੀ ਹੋ ਗਿਆ ਸੀ।ਉਸਨੇ ਦੱਸਿਆ ਕਿ ਉਸਨੇ ਥਾਣੇਦਾਰ ਨੂੰ 5 ਹਜ਼ਾਰ ਰੁਪਏ ਦੇ ਦਿੱਤੇ ਅਤੇ ਪੰਜ ਹਜ਼ਾਰ ਰੁਪਏ ਦੇਣ ਦਾ ਝੂਠਾ ਵਾਅਦਾ ਕਰਕੇ ਉਥੋਂ ਵਾਪਸ ਆ ਗਿਆ ਅਤੇ ਵਿਜੀਲੈਂਸ ਬਿਊਰੋ ਨੂੰ ਇਸ ਬਾਰੇ ਸੂਚਿਤ ਕੀਤਾ। ਜਿਸ ਤੋਂ ਬਾਅਦ ਸੁਖਮੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਮੋਗਾ ਨੂੰ ਸ਼ਿਕਾਇਤ ਕੀਤੀ ਸੀ।