ਰੁਜਗਾਰ ਮੇਲਿਆਂ ਨੂੰ ਕਾਮਯਾਬ ਕਰਨ ਲਈ ਜੀ.ਓ.ਜੀ ਮਲੋਟ ਦੀ ਵਿਸ਼ੇਸ਼ ਮੀਟਿੰਗ

ਮਲੋਟ (ਆਰਤੀ ਕਮਲ):- ਪੰਜਾਬ ਸਰਕਾਰ ਵੱਲੋਂ ਸਾਬਕਾ ਫੌਜੀਆਂ ਦੇ ਸੰਗਠਨ ਨਾਲ ਕਾਇਮ ਕੀਤੇ ਅਦਾਰੇ ਜੀ.ਓ.ਜੀ (ਖੁਸ਼ਹਾਲੀ ਦੇ ਰਾਖੇ) ਤਹਿਸੀਲ ਮਲੋਟ ਦੀ ਇਕ ਅਹਿਮ ਮੀਟਿੰਗ ਦਾਣਾ ਮੰਡੀ ਮਲੋਟ ਦਫਤਰ ਵਿਖੇ ਤਹਿਸੀਲ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ ਹਾਜਰ ਜੀ.ਓ.ਜੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਹਰ ਘਰ ਰੁਜਗਾਰ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਸੂਬੇ ਭਰ ਵਿਚ ਲਗਾਤਾਰ ਰੁਜਗਾਰ ਮੇਲੇ ਲਗਾਏ ਜਾ ਰਹੇ ਹਨ ਜਿਥੇ ਨਿੱਜੀ ਕੰਪਨੀਆਂ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰ ਰਹੀਆਂ ਹਨ । ਇਸੇ ਲੜੀ ਤਹਿਤ ਮਲੋਟ ਤਹਿਸੀਲ ਵਿਖੇ 20 ਸਤੰਬਰ ਨੂੰ ਡਰਾਈਵਿੰਗ ਸਕਿਲਜ ਮਾਹੂਆਣਾ ਅਤੇ 24 ਤਰੀਕ ਨੂੰ ਗੁਰੂ ਤੇਗ ਬਹਾਦਰ ਤਕਨੀਕੀ ਕਾਲਜ ਛਾਪਿਆਂਵਾਲੀ ਵਿਖੇ ਰੁਜਗਾਰ ਮੇਲੇ ਲਗਾਏ ਜਾ ਰਹੇ ਹਨ । ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਜੀ.ਓ.ਜੀ ਨੂੰ ਹਿਦਾਇਤ ਕੀਤੀ ਕਿ ਇਸ ਸਬੰਧੀ ਲਾਊਡ ਸਪੀਕਰਾਂ ਤੇ ਹੋਕਾਂ ਰਾਹੀਂ ਪਿੰਡਾਂ ਵਿਚ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਜੀ.ਓ.ਜੀ ਖੁਦ ਵੀ ਨੌਜਵਾਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਰੁਜਗਾਰ ਮੇਲੇ ਬਾਰੇ ਵਿਸਥਾਰ ਨਾਲ ਦੱਸਣ ਅਤੇ ਵੱਡੀ ਗਿਣਤੀ ਇਸ ਮੌਕੇ ਪੁੱਜ ਕੇ ਲਾਹਾ ਲੈਣ ਲਈ ਪ੍ਰੇਰਿਤ ਕਰਨ । ਉਹਨਾਂ ਸਮੂਹ ਜੀ.ਓ.ਜੀ ਨੂੰ ਇਸ ਮੇਲੇ ਵਿਚ ਖੁਦ ਪੁੱਜ ਕੇ ਵੀ ਨੌਜਵਾਨਾਂ ਨੂੰ ਵੱਖ ਵੱਖ ਕੰਪਨੀਆਂ ਦੇ ਸਟਾਲਾਂ ਤੱਕ ਪੁੱਜਣ ਵਿਚ ਸਹਾਇਕ ਵਜੋਂ ਭੂਮਿਕਾ ਨਿਭਾਉਣ ਲਈ ਵੀ ਹੱਲਾਸ਼ੇਰੀ ਦਿੱਤੀ । ਮੀਟਿੰਗ ਵਿਚ ਜੀ.ਓ.ਜੀ ਵੱਲੋਂ ਵੱਖ ਵੱਖ ਵਿਭਾਗਾਂ ਦੀ ਰੋਜਮਰਾ ਭੇਜੀ ਜਾਣ ਵਾਲੀ ਫੀਡਬੈਕ ਅਤੇ ਕੋਪੋਸ਼ਣ ਮਹੀਨੇ ਦੀਆਂ ਗਤੀਵਿਧੀਆਂ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ । ਇਸ ਤੋਂ ਇਲਾਵਾ ਸਿਹਤਮੰਦ ਪੰਜਾਬ ਮੁਹਿੰਮ ਤਹਿਤ ਆਉਣ ਵਾਲੀ 2 ਅਕਤੂਬਰ ਤੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਲਈ ਵੀ ਪ੍ਰੋਗਰਾਮ ਤਹਿ ਕੀਤੇ ਗਏ । ਇਸ ਮੌਕੇ ਕੈਪਟਨ ਹਰਜਿੰਦਰ ਸਿੰਘ, ਕੈਪਟਨ ਰਘੁਬੀਰ ਸਿੰਘ, ਸੂਬੇਦਾਰ ਸੁਖਦੇਵ ਸਿੰਘ, ਸੁਰਜੀਤ ਸਿੰਘ ਆਲਮਵਾਲਾ, ਅਮਰਜੀਤ ਸਿੰਘ ਮਿੱਡਾ, ਜਸਕੌਰ ਸਿੰਘ, ਗੁਰਸੇਵਕ ਸਿੰਘ, ਇਕਬਾਲ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਨਾਇਬ ਸਿੰਘ, ਤਰਸੇਮ ਸਿੰਘ ਅਤੇ ਨਵਜੋਤ ਸਿੰਘ ਡੀਈਓ ਸਮੇਤ ਸਮੂਹ ਜੀ.ਓ.ਜੀ ਹਾਜਰ ਸਨ ।