ਮਲੋਟ ਸ਼ਹਿਰ ਦੇ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਵਲੋਂ ਸੀਵਰੇਜ ਬੋਰਡ ਅੱਗੇ ਲਗਾਇਆ ਧਰਨਾ

ਮਲੋਟ:– ਮਲੋਟ ਸ਼ਹਿਰ ਦੇ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਵਲੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਅਤੇ ਭਾਜਪਾ ਮੰਡਲ ਪ੍ਰਧਾਨ ਸੋਮ ਕਾਲੜਾ ਦੀ ਅਗਵਾਈ ‘ਚ ਸਥਾਨਕ ਸੀਵਰੇਜ ਬੋਰਡ ਅੱਗੇ ਧਰਨਾਲਗਾਇਆ ਗਿਆ, ਜਿਸ ਦੌਰਾਨ ਉਨ੍ਹਾਂ ਕੈਪਟਨ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਮਲੋਟ ਸ਼ਹਿਰ ਦਾ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ ਅਤੇ ਲੋਕ ਗੰਦੇ ਪਾਣੀ ‘ਚ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੋ ਰਹੇ ਹਨ। ਭਿਆਨਕ ਬੀਮਾਰੀਆਂ ਦਾ ਡਰ ਲੋਕਾਂ ਨੂੰ ਸਤਾ ਰਿਹਾ ਹੈ ਪਰ ਸੀਵਰੇਜ ਬੋਰਡ ਦੇ ਅਧਿਕਾਰੀ ਅਤੇ ਸਰਕਾਰ ਘੂਕ ਸੁੱਤੀ ਪਈ ਹੈ। ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਮੌਕੇ ਜੋ ਸੀਵਰ ਸਾਫ ਕਰਨ ਲਈ ਮਸ਼ੀਨ ਮੁਹੱਈਆ ਕਰਵਾਈ ਗਈ ਸੀ, ਉਹ ਗਿੱਦੜਬਾਹਾ ਵਿਖੇ ਭੇਜ ਦਿੱਤੀ ਗਈ ਹੈ। ਸੀਵਰ ਸਾਫ ਨਾ ਹੋਣ ਕਾਰਨ ਮਲੋਟ ਸ਼ਹਿਰ ਦੇ ਲੋਕ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਪੰਜਾਬ ਸਰਕਾਰ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦੇਣ ‘ਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਕੋਈ ਵੀ ਅਧਿਕਾਰੀ ਜ਼ਿੰਮੇਵਾਰੀ ਨਾਲ ਕੰਮ ਕਰਨ ਨੂੰ ਤਿਆਰ ਨਹੀਂ। ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਹਫਤੇ ਭਰ ‘ਚ ਸ਼ਹਿਰ ਦਾ ਸੀਵਰੇਜ ਸਿਸਟਮ ਨਾ ਚਾਲੂ ਹੋਇਆ ਤਾਂ ਹਰ ਵਾਰਡ ‘ਚ ਧਰਨਾ ਦਿੱਤਾ ਜਾਵੇਗਾ ਅਤੇ ਲੋਕ ਰੋਹ ਦਾ ਨਤੀਜਾ ਭੁਗਤਣ ਲਈ ਪ੍ਰਸ਼ਾਸਨ ਤਿਆਰ ਰਹੇ।ਇਸ ਸਮੇਂ ਜਗਤਾਰ ਬਰਾੜ, ਡਾ. ਰਿਸ਼ੀਕੇਸ਼ ਭੋਲੀ, ਸੁਰਮੁੱਖ ਸਿੰਘ, ਡਾ. ਜਗਦੀਸ਼ ਸ਼ਰਮਾ, ਰਾਜਨ ਖੁਰਾਣਾ ਅਤੇ ਕੁਲਬੀਰ ਸਿੰਘ ਕੋਟਭਾਈ ਆਦਿ ਅਕਾਲੀ-ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।