ਮਲੋਟ ‘ਚ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ, ਔਰਤਾਂ ਵਲੋਂ ਥਾਣੇ ਅੱਗੇ ਧਰਨਾ
ਮਲੋਟ ‘ਚ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਔਰਤਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਪ੍ਰਾਈਵੇਟ ਕੰਪਨੀ ਦੇ ਏਜੰਟਾਂ ਖਿਲਾਫ਼ ਕਾਰਵਾਈ ਦੀ ਮੰਗ ਸਬੰਧੀ ਔਰਤਾਂ ਵਲੋਂ ਥਾਣਾ ਸਿਟੀ, ਮਲੋਟ ਅੱਗੇ ਧਰਨਾ ਦਿੱਤਾ ਗਿਆ।ਜਾਣਕਾਰੀ ਦਿੰਦਿਆਂ ਮੀਨਾ ਕੁਮਾਰੀ ਅਤੇ ਅੰਜਲੀ ਸੇਤੀਆ ਨੇ ਦੱਸਿਆ ਕਿ ਉਕਤ ਕੰਪਨੀ ਦੇ ਏਜੰਟ ਨੇ ਉਨ੍ਹਾਂ ਦੇ ਦਸਤਾਵੇਜ਼ ‘ਤੇ 35-35 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਉਨ੍ਹਾਂ ਨੂੰ ਨਹੀਂ ਦਿੱਤਾ। ਉਨ੍ਹਾਂ ਕੰਪਨੀ ਦੇ ਏਜੰਟ ਉੱਪਰ ਕਰਜ਼ੇ ਦੀ ਰਾਸ਼ੀ ਰੱਖਣ ਦੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ।

ਪੀੜਤ ਔਰਤਾਂ ਨੇ ਦੱਸਿਆ ਕਿ ਕੰਪਨੀ ਵਾਲੇ ਉਨ੍ਹਾਂ ਨੂੰ ਨੋਟਿਸ ਕੱਢ ਕੇ ਪੈਸਿਆਂ ਦੀ ਮੰਗ ਕਰ ਰਹੇ ਹਨ, ਜਦਕਿ ਉਨ੍ਹਾਂ ਨੂੰ ਤਾਂ ਕਰਜ਼ਾ ਮਿਲਿਆ ਹੀ ਨਹੀਂ। ਜਦੋਂ ਵੀ ਉਕਤ ਏਜੰਟ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਪੈਸੇ ਦੇਣ ਤੋਂ ਮਨ੍ਹਾ ਕਰਦਾ ਹੋਇਆ ਧਮਕੀਆਂ ਵੀ ਦਿੰਦਾ ਹੈ। ਪਿਛਲੇ ਕਾਫੀ ਦਿਨਾਂ ਤੋਂ ਦੋਸ਼ੀਆਂ ਖਿਲਾਫ਼ ਪੁਲਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਪਰ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਉਨ੍ਹਾਂ ਨੂੰ ਥਾਣਾ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਇਸ ਸਬੰਧ ‘ਚ ਥਾਣਾ ਸਿਟੀ ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਔਰਤਾਂ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।